ਦੋਰਾਹਾ : ਦੋਰਾਹਾ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 2 ਘਰਾਂ ਦਾ ਮਾਲੀ ਨੁਕਸਾਨ ਹੋਣ ਦਾ ਸਮਾਚਾਰ ਹੈ। ਖੁਸ਼ਕਿਸਮਤੀ ਨਾਲ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੌਰਾਨ ਘਰਾਂ ਵਿੱਚ ਲੱਗੇ ਇਲੈਕਟ੍ਰਾਨਿਕ ਉਪਕਰਣ ਅਤੇ ਬਿਜਲੀ ਦੀਆਂ ਫਿਟਿੰਗਾਂ ਸੜ ਕੇ ਸੁਆਹ ਹੋ ਗਈਆਂ ਅਤੇ ਘਰ ਦੀਆਂ ਕੰਧਾਂ ਨੂੰ ਵੀ ਨੁਕਸਾਨ ਪੁੱਜਾ। ਇਸ ਤੋਂ ਇਲਾਵਾ ਇਲਾਕੇ ਦੇ ਹਰ ਘਰ ਦਾ ਕੁਝ ਇਲੈਕਟ੍ਰਾਨਿਕ ਸਾਮਾਨ ਸੜ ਕੇ ਸੁਆਹ ਹੋ ਗਿਆ।ਇਸ ਮੌਕੇ ਪੀੜਤ ਪਰਿਵਾਰ ਦੇ ਬਬਲੂ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਪਰਿਵਾਰ ਸਮੇਤ ਘਰ ਵਿੱਚ ਸੌਂ ਰਿਹਾ ਸੀ। ਕਰੀਬ 2 ਵਜੇ ਜ਼ੋਰਦਾਰ ਧਮਾਕੇ ਨਾਲ ਬਿਜਲੀ ਚਲੀ ਗਈ। ਜਦੋਂ ਪਰਿਵਾਰਕ ਮੈਂਬਰਾਂ ਨੇ ਟਾਰਚ ਲਾਈਟ 'ਤੇ ਦੇਖਿਆ ਤਾਂ ਘਰ 'ਚ ਲੱਗੇ ਟੀ.ਵੀ ਅਤੇ ਫਰਿੱਜ ਦੇ ਨਾਲ-ਨਾਲ ਛੱਤ ਦਾ ਸਮਾਨ ਵੀ ਸੜ ਗਿਆ ਅਤੇ ਘਰ ਦੀਆਂ ਕੰਧਾਂ 'ਚ ਤਰੇੜਾਂ ਆਉਣ ਤੋਂ ਇਲਾਵਾ ਬਰਸਾਤੀ ਪਾਣੀ ਦੀ ਨਿਕਾਸੀ ਦੀ ਪਾਈਪ ਵੀ ਫਟ ਗਈ | ਉਸ ਨੇ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਉਸ ਦਾ ਇੱਕ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
ਇਸ ਮੌਕੇ ਪੀੜਤ ਅਨੀਤਾ ਨਿਰਮਲ ਨੇ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਉਸ ਦੇ ਘਰ ਦੀਆਂ ਬਿਜਲੀ ਦੀਆਂ ਤਾਰਾਂ ਸੜ ਗਈਆਂ ਅਤੇ ਪਾਣੀ ਦੀਆਂ ਪਾਈਪਾਂ ਅਤੇ ਟੈਂਕੀਆਂ ਆਦਿ ਫਟ ਗਈਆਂ।ਇਸ ਮੌਕੇ ਪਾਵਰਕਾਮ ਮੁਲਾਜ਼ਮ ਸੀਮਾ ਪਾਠਕ ਨੇ ਦੱਸਿਆ ਕਿ ਰਾਤ 2 ਵਜੇ ਜ਼ੋਰਦਾਰ ਧਮਾਕੇ ਨਾਲ ਬਿਜਲੀ ਗੁੱਲ ਹੋਈ | ਸਵੇਰੇ ਜਦੋਂ ਜਾਂਚ ਕੀਤੀ ਗਈ ਤਾਂ ਹਰ ਘਰ ਵਿਚ ਕੋਈ ਨਾ ਕੋਈ ਨੁਕਸਾਨ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਜਿਸ ਘਰ ਵਿੱਚ ਫਾਸਟਵੇਅ ਕੇਬਲ ਚੱਲ ਰਹੀ ਹੈ, ਉਥੇ ਸਾਰੇ ਘਰਾਂ ਦੇ ਸਾਰੇ ਬਕਸੇ ਬੰਦ ਹਨ ਅਤੇ ਕਈ ਘਰਾਂ ਦੇ ਇਨਵਰਟਰ ਵੀ ਸੜ ਗਏ ਹਨ ਅਤੇ ਕਈ ਘਰਾਂ ਦੀਆਂ ਸਾਰੀਆਂ ਫਿਟਿੰਗਾਂ ਵੀ ਨੁਕਸਾਨੀਆਂ ਗਈਆਂ ਹਨ। ਇਹੀ ਹਾਲ ਉਨ੍ਹਾਂ ਦੇ ਗੁਆਂਢੀਆਂ ਦੇ ਘਰ ਦਾ ਹੈ, ਜਿੱਥੇ ਬਿਜਲੀ ਦੀਆਂ ਤਾਰਾਂ ਅਤੇ ਮੀਟਰ ਆਦਿ ਸੜ ਗਏ ਹਨ। ਇਸ ਦੌਰਾਨ ਘਰ ਦੇ ਬਾਹਰ ਖੜ੍ਹਾ ਐਕਟਿਵਾ ਸਕੂਟਰ ਵੀ ਫਟ ਗਿਆ। ਉਨ੍ਹਾਂ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੀੜਤ ਪਰਿਵਾਰਾਂ ਦੀ ਵੱਧ ਤੋਂ ਵੱਧ ਮਾਲੀ ਮਦਦ ਕਰਨ।


