ਜਲੰਧਰ 'ਚ ਬੱਸ ਸਟੈਂਡ ਦੇ ਬਾਹਰ ਡੈਲਟਾ ਪਾਰਕਿੰਗ 'ਚ ਬਾਈਕ ਸਵਾਰ ਬਦਮਾਸ਼ਾਂ ਨੇ ਟਰੈਵਲ ਏਜੰਟ ਦੀ ਕਾਰ 'ਤੇ ਗੋਲੀਆਂ ਚਲਾ ਦਿੱਤੀਆਂ। ਮੌਕੇ ਤੋਂ ਪਰਚੀ ਮਿਲੀ ਹੈ। ਜਿਸ ਵਿੱਚ ਗੈਂਗਸਟਰ ਕੌਸ਼ਲ ਚੌਧਰੀ ਦਾ ਨਾਮ ਲਿਖਿਆ ਹੋਇਆ ਹੈ। ਗੈਂਗਸਟਰ ਵੱਲੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ।
ਟਰੈਵਲ ਏਜੰਟ ਇੰਦਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਗੱਡੀ ’ਤੇ ਗੋਲੀਬਾਰੀ ਹੋਈ ਤਾਂ ਉਹ ਦਫ਼ਤਰ ਵਿੱਚ ਹੀ ਸੀ। ਗੋਲੀ ਚਲਾਉਣ ਵਾਲੇ ਨੌਜਵਾਨ ਬਾਈਕ 'ਤੇ ਆਏ ਸਨ। ਇਨ੍ਹਾਂ ਵਿੱਚ ਇੱਕ ਪੱਗ ਵਾਲਾ ਨੌਜਵਾਨ ਵੀ ਸੀ। ਉਸ ਨੇ ਇਸ ਮਾਮਲੇ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਗੋਲੀਬਾਰੀ ਕਰਨ ਤੋਂ ਬਾਅਦ ਬਦਮਾਸ਼ ਬੱਸ ਸਟੈਂਡ ਨੇੜੇ ਪੁਲ ਤੋਂ ਹਾਈਵੇਅ ਵੱਲ ਭੱਜ ਗਏ। ਪੁਲਿਸ ਗੋਲੀ ਚਲਾਉਣ ਵਾਲਿਆਂ ਦੀ ਭਾਲ ਲਈ ਬੱਸ ਸਟੈਂਡ ਦੇ ਆਸ-ਪਾਸ ਦੇ ਇਲਾਕਿਆਂ ਦੀ ਤਲਾਸ਼ੀ ਲੈ ਰਹੀ ਹੈ। ਕਈ ਹੋਟਲਾਂ ਅਤੇ ਢਾਬਿਆਂ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ।
ਬਦਮਾਸ਼ਾਂ ਨੇ ਕੁੱਲ 5 ਗੋਲੀਆਂ ਚਲਾਈਆਂ। ਪੁਲਿਸ ਨੇ ਹੁਣ ਤੱਕ 2 ਖੋਲ ਬਰਾਮਦ ਕੀਤੇ ਹਨ। ਪੁਲਿਸ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਸ਼ਹਿਰ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

