ਨਗਰ ਨਿਗਮ ਨੇ ਬਕਾਇਆ ਕਿਰਾਏ ਦੀ ਵਸੂਲੀ ਲਈ ਸ਼ੁਰੂ ਕੀਤੀਆਂ ਜਨਤਕ ਘੋਸ਼ਣਾ; ਕਿਰਾਏਦਾਰਾਂ ਨੂੰ ਦਿੱਤੀ ਕਾਰਵਾਈ ਦੀ ਚੇਤਾਵਨੀ*
ਲੁਧਿਆਣਾ, 13 ਮਾਰਚ:
ਲੀਜ਼/ਕਿਰਾਏ 'ਤੇ ਦਿੱਤੀਆਂ ਜਾਇਦਾਦਾਂ ਦੇ ਕਿਰਾਏਦਾਰਾਂ ਤੋਂ ਬਕਾਏ ਦੀ ਵਸੂਲੀ ਨੂੰ ਤੇਜ਼ ਕਰਨ ਲਈ ਕੰਮ ਕਰਦੇ ਹੋਏ, ਨਗਰ ਨਿਗਮ ਨੇ ਆਪਣੇ ਅਲਾਟੀਆਂ/ਕਿਰਾਏਦਾਰਾਂ ਤੋਂ ਬਕਾਇਆ ਵਸੂਲੀ ਕਰਨ ਲਈ ਸ਼ਹਿਰ ਦੇ ਬਾਜ਼ਾਰਾਂ ਵਿੱਚ ਜਨਤਕ ਘੋਸ਼ਣਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਸ ਦੌਰਾਨ ਜ਼ੋਨ ਬੀ ਦੀ ਤਹਿਬਾਜ਼ਾਰੀ ਟੀਮ ਨੇ ਚੀਮਾ ਚੌਕ ਫਲਾਈਓਵਰ ਦੇ ਹੇਠਾਂ ਸਥਿਤ ਮਾਰਕੀਟ ਦਾ ਦੌਰਾ ਕੀਤਾ ਅਤੇ ਖੋਖਿਆਂ ਦੇ ਕਿਰਾਏਦਾਰਾਂ ਨੂੰ ਬਕਾਇਆ ਕਿਰਾਇਆ ਅਦਾ ਕਰਨ ਲਈ ਕਿਹਾ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਿਰਾਏਦਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਬਕਾਇਆ ਕਿਰਾਇਆ/ਤਹਿਬਾਜ਼ਾਰੀ ਫੀਸ ਅਦਾ ਕਰਨ, ਨਹੀਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਨਗਰ ਨਿਗਮ ਅਣਗਹਿਲੀ ਦੀ ਸੂਰਤ ਵਿੱਚ ਖੋਖਿਆਂ ਨੂੰ ਸੀਲ ਵੀ ਕਰ ਸਕਦਾ ਹੈ।
ਤਹਿਬਾਜ਼ਾਰੀ ਦੇ ਇੰਸਪੈਕਟਰ ਸੁਨੀਲ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਜ਼ੋਨਲ ਕਮਿਸ਼ਨਰ (ਜ਼ੋਨ ਬੀ) ਨੀਰਜ ਜੈਨ ਦੇ ਨਿਰਦੇਸ਼ਾਂ 'ਤੇ ਬਕਾਇਆ ਵਸੂਲੀ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਸੁਨੀਲ ਨੇ ਦੱਸਿਆ ਕਿ ਚੀਮਾ ਚੌਕ ਫਲਾਈਓਵਰ ਦੇ ਹੇਠਾਂ ਸਥਿਤ ਖੋਖਿਆਂ ਦੇ ਕਿਰਾਏਦਾਰ ਪਿਛਲੇ ਸਮੇਂ ਵਿੱਚ ਕਿਰਾਇਆ ਦੇਣ ਵਿੱਚ ਅਸਫਲ ਰਹੇ ਹਨ। ਉਨ੍ਹਾਂ ਨੂੰ ਹੁਣ ਬਕਾਇਆ ਕਿਰਾਇਆ ਤਿੰਨ ਦਿਨਾਂ ਵਿੱਚ ਅਦਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਨਹੀਂ ਤਾਂ ਨਗਰ ਨਿਗਮ ਉਨ੍ਹਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦੇਵੇਗਾ। ਜੇਕਰ ਕਿਰਾਏਦਾਰ ਬਕਾਇਆ ਅਦਾ ਕਰਨ ਵਿੱਚ ਅਸਫਲ ਰਹੇ ਤਾਂ ਨਗਰ ਨਿਗਮ ਖੋਖਿਆਂ ਨੂੰ ਸੀਲ ਵੀ ਕਰ ਸਕਦਾ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਪ੍ਰਾਪਰਟੀ ਟੈਕਸ, ਕਿਰਾਇਆ/ਤਹਿਬਾਜ਼ਾਰੀ ਫੀਸਾਂ ਆਦਿ ਸਮੇਤ ਬਕਾਏ ਦੀ ਵਸੂਲੀ ਵਿੱਚ ਤੇਜ਼ੀ ਲਿਆਉਣ ਲਈ ਜ਼ੋਨਲ ਕਮਿਸ਼ਨਰਾਂ ਅਤੇ ਸੁਪਰਡੈਂਟਾਂ ਨਾਲ ਮੀਟਿੰਗ ਕੀਤੀ ਸੀ।
ਸੰਦੀਪ ਰਿਸ਼ੀ ਨੇ ਸ਼ਹਿਰ ਨਿਵਾਸੀਆਂ ਨੂੰ ਪ੍ਰਾਪਰਟੀ ਟੈਕਸ ਲਈ ਵਨ ਟਾਈਮ ਸੈਟਲਮੈਂਟ (ਓ.ਟੀ.ਐਸ.) ਪਾਲਿਸੀ ਦਾ ਲਾਭ ਲੈਣ ਅਤੇ ਬਕਾਇਆ ਪ੍ਰਾਪਰਟੀ ਟੈਕਸ 31 ਮਾਰਚ ਤੱਕ 50 ਫੀਸਦੀ ਵਿਆਜ ਅਤੇ ਜੁਰਮਾਨੇ ਦੀ ਮੁਆਫੀ ਨਾਲ ਅਦਾ ਕਰਨ ਦੀ ਅਪੀਲ ਵੀ ਕੀਤੀ।
