ਲੁਧਿਆਨਾ ਨਗਰ ਨਿਗਮ ਨੇ ਓਰੀਸਨ ਹਸਪਤਾਲ ਨੂੰ ਸੱਤ ਦਿਨਾਂ ਵਿੱਚ ਹਸਪਤਾਲ ਦੀ ਗੈਰ-ਕਾਨੂੰਨੀ ਇਮਾਰਤ ਖਾਲੀ ਕਰਨ ਲਈ ਜਾਰੀ ਕੀਤਾ ਨੋਟਿਸ*
ਨਗਰ ਨਿਗਮ ਵੱਲੋਂ ਵਸਨੀਕਾਂ ਨੂੰ ਅਸੁਵਿਧਾ ਤੋਂ ਬਚਣ ਲਈ ਮਰੀਜ਼ਾਂ ਨੂੰ ਹਸਪਤਾਲ ਦਾਖਲ ਨਾ ਕਰਨ ਦੀ ਅਪੀਲ*
ਲੁਧਿਆਨਾ ਗੈਰ-ਕਾਨੂੰਨੀ ਉਸਾਰੀ 'ਤੇ ਕਾਰਵਾਈ ਸ਼ੁਰੂ ਕਰਦੇ ਹੋਏ, ਨਗਰ ਨਿਗਮ ਨੇ ਬਾੜੇਵਾਲ ਰੋਡ 'ਤੇ ਸਥਿਤ ਓਰੀਸਨ ਹਸਪਤਾਲ ਦੇ ਪ੍ਰਬੰਧਨ ਨੂੰ ਹਸਪਤਾਲ ਦੀ ਗੈਰ-ਕਾਨੂੰਨੀ ਤੌਰ 'ਤੇ ਬਣੀ ਇਮਾਰਤ ਨੂੰ ਖਾਲੀ ਕਰਨ ਲਈ ਸ਼ੁੱਕਰਵਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਹਸਪਤਾਲ ਦੀ ਚਾਰਦੀਵਾਰੀ 'ਤੇ ਵੀ ਨੋਟਿਸ ਲਗਾ ਦਿੱਤੇ ਗਏ ਹਨ। ਹਸਪਤਾਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸੱਤ ਦਿਨਾਂ ਵਿੱਚ ਹਸਪਤਾਲ ਦੀ ਗੈਰ-ਕਾਨੂੰਨੀ ਉਸਾਰੀ ਵਾਲੀ ਇਮਾਰਤ ਨੂੰ ਖਾਲੀ ਕਰਨ ਤਾਂ ਜੋ ਨਗਰ ਨਿਗਮ ਨਿਯਮਾਂ ਅਨੁਸਾਰ ਨਾਜਾਇਜ਼ ਉਸਾਰੀ ਵਿਰੁੱਧ ਕਾਰਵਾਈ ਕਰ ਸਕੇ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਦੀਆਂ ਦੋ ਮੰਜ਼ਿਲਾਂ ਪਹਿਲਾਂ ਹੀ ਸੀਲ ਕੀਤੀਆਂ ਜਾ ਚੁੱਕੀਆਂ ਹਨ ਅਤੇ ਹੁਣ ਹਸਪਤਾਲ ਦੀ ਨਾਜਾਇਜ਼ ਉਸਾਰੀ ਵਾਲੀ ਇਮਾਰਤ ਨੂੰ ਖਾਲੀ ਕਰਨ ਲਈ ਹਸਪਤਾਲ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਤਾਂ ਜੋ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਸਕੇ।
ਇਸ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਅਸੁਵਿਧਾ ਤੋਂ ਬਚਣ ਲਈ ਮਰੀਜਾਂ ਨੂੰ ਹਸਪਤਾਲ ਵਿੱਚ ਦਾਖਲ ਨਾ ਕਰਨ ਕਿਉਂਕਿ ਨਗਰ ਨਿਗਮ ਵੱਲੋਂ ਇਸ ਨਜਾਇਜ਼ ਉਸਾਰੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ਤੋਂ ਬਾਅਦ ਹੀ ਨਿਰਮਾਣ ਕਾਰਜ ਸ਼ੁਰੂ ਕਰਨ।
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਅੱਗੇ ਦੱਸਿਆ ਕਿ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਗੈਰ-ਕਾਨੂੰਨੀ ਨਿਰਮਾਣ ਗਤੀਵਿਧੀਆਂ 'ਤੇ ਨਜ਼ਰ ਰੱਖਣ ਅਤੇ ਨਾਜਾਇਜ਼ ਉਸਾਰੀਆਂ ਖਿਲਾਫ ਸਖਤ ਕਾਰਵਾਈ ਕਰਨ।
