ਲੁਧਿਆਣਾ : ਪਾਇਲ ਪੁਲਸ ਨੇ ਨਸ਼ੇ ਦੇ ਸੌਦਾਗਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਇਕ ਟਰੱਕ 'ਚੋਂ 10 ਕਿਲੋ ਭੁੱਕੀ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਟਰੱਕ ਚਾਲਕ ਦੀ ਪਛਾਣ ਹਰਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮਹਿਰਣਾ ਕਲਾਂ, ਥਾਣਾ ਰਾਏਕੋਟ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਪਾਇਲ ਦੇ ਐੱਸਐੱਚਓ ਸਬ-ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਖੰਨਾ ਦੇ ਐੱਸਐੱਸਪੀ ਮੈਡਮ ਅਮਨੀਤ ਕੌਂਡਲ ਆਈਪੀਐੱਸ ਦੇ ਨਿਰਦੇਸ਼ਾਂ 'ਤੇ ਐੱਸਆਈ ਹੁਸਨ ਲਾਲ ਚੌਕੀ ਇੰਚਾਰਜ ਰੌਣੀ ਨੇ ਪਿੰਡ ਮੁੱਲਾਪੁਰ ਵਿੱਚ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਜੌੜੇਪੁਲ ਨਹਿਰ ਵੱਲੋਂ ਆ ਰਹੇ ਟਰੱਕ ਨੰਬਰ ਪੀ.ਬੀ.-10ਈ.ਐੱਸ.-5359 ਨੂੰ ਰੋਕਿਆ ਗਿਆ।ਪੁਲੀਸ ਨੇ ਜਦੋਂ ਟਰੱਕ ਦੀ ਤਲਾਸ਼ੀ ਲਈ ਤਾਂ ਡਰਾਈਵਰ ਹਰਦੀਪ ਸਿੰਘ ਨੇ ਟਾਲ ਮਟੋਲ ਸ਼ੁਰੂ ਕਰ ਦਿੱਤੀ। ਇਸ 'ਤੇ ਪੁਲਸ ਨੂੰ ਸ਼ੱਕ ਹੋ ਗਿਆ। ਟਰੱਕ ਡਰਾਈਵਰ ਨੇ ਇਹ ਭੁੱਕੀ ਵਾਲਾ ਬੈਗ ਆਪਣੀ ਸੀਟ ਦੇ ਪਿੱਛੇ ਛੁਪਾ ਲਿਆ ਸੀ। ਪੁਲੀਸ ਨੇ ਜਦੋਂ ਡਰਾਈਵਰ ਦੇ ਕੈਬਿਨ ਦੀ ਤਲਾਸ਼ੀ ਲਈ ਤਾਂ ਡਰਾਈਵਰ ਦੀ ਸੀਟ ਦੇ ਪਿੱਛੇ ਤੋਂ 10 ਕਿਲੋ ਭੁੱਕੀ ਬਰਾਮਦ ਹੋਈ। ਪਾਇਲ ਪੁਲੀਸ ਨੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਕੇ ਟਰੱਕ ਵੀ ਕਬਜ਼ੇ ਵਿੱਚ ਲੈ ਲਿਆ ਹੈ।
ਥਾਣਾ ਪਾਇਲ ਦੇ ਐਸਐਚਓ ਸਬ-ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 15, 25, 61, 85 ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲਿਆ ਗਿਆ ਹੈ। ਪੁਲਿਸ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਹਰਦੀਪ ਸਿੰਘ ਇਹ ਭੁੱਕੀ ਕਿੱਥੋਂ ਲੈ ਕੇ ਆਇਆ ਸੀ ਅਤੇ ਕਿਸ ਨੂੰ ਦੇਣਾ ਸੀ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

