ਲੁਧਿਆਣਾ : ਇਕ ਬਦਮਾਸ਼ ਨੇ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ਾਂ ਨਾਲ ਛੇੜਛਾੜ ਕਰ ਕੇ ਜੀ.ਐੱਸ.ਟੀ. ਵਿਭਾਗ ਕੋਲ ਆਪਣੀ ਫਰਮ ਰਜਿਸਟਰਡ ਕਰਵਾ ਕੇ 166 ਕਰੋੜ ਰੁਪਏ ਦੀ ਜਾਅਲੀ ਬਿਲਿੰਗ ਕਰਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ। ਜਦੋਂ ਆਧਾਰ ਕਾਰਡ ਧਾਰਕ ਨੂੰ ਆਮਦਨ ਕਰ ਵਿਭਾਗ ਵੱਲੋਂ ਆਪਣੀ 24 ਕਰੋੜ 19 ਲੱਖ 42 ਹਜ਼ਾਰ 700 ਰੁਪਏ ਦੀ ਆਮਦਨ ਦਾ ਟੈਕਸ ਜਮ੍ਹਾ ਕਰਵਾਉਣ ਦਾ ਨੋਟਿਸ ਮਿਲਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਵਿਭਾਗ ਨੇ ਕਿਹਾ ਕਿ ਉਸ ਦੇ ਦਸਤਾਵੇਜ਼ਾਂ ਦੇ ਆਧਾਰ 'ਤੇ ਇਹ ਫਰਮ ਨਵੀਂ ਦਿੱਲੀ 'ਚ ਨਾਨਕ ਇੰਟਰਪ੍ਰਾਈਜਿਜ਼ ਦੇ ਨਾਂ 'ਤੇ ਚੱਲ ਰਹੀ ਹੈ। ਜਦੋਂ ਸ਼ਿਕਾਇਤਕਰਤਾ ਨੂੰ ਇਸ ਧੋਖਾਧੜੀ ਦਾ ਪਤਾ ਲੱਗਾ ਤਾਂ ਉਸ ਨੇ ਇਸ ਦੀ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਕੀਤੀ। ਜਿਸ 'ਤੇ ਸਾਈਬਰ ਸੈੱਲ ਦੀ ਟੀਮ ਨੇ 6 ਮਹੀਨੇ ਦੀ ਜਾਂਚ ਤੋਂ ਬਾਅਦ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਫਰਜ਼ੀ ਫਰਮਾਂ ਬਣਾਉਣ ਵਾਲੇ ਲੋਕਾਂ ਦਾ ਪਤਾ ਲਗਾਇਆ। ਸਾਈਬਰ ਸੈੱਲ ਵੱਲੋਂ ਜਾਂਚ ਤੋਂ ਬਾਅਦ ਅਮਨਦੀਪ ਸਿੰਘ ਵਾਸੀ ਸ਼ਿਮਲਾ ਕਾਲੋਨੀ ਦੇ ਬਿਆਨਾਂ 'ਤੇ 6 ਦੋਸ਼ੀਆਂ ਖਿਲਾਫ ਆਈ.ਟੀ.ਐਕਟ ਅਤੇ ਸਾਜ਼ਿਸ਼ ਤਹਿਤ ਜਾਅਲੀ ਦਸਤਾਵੇਜ਼ ਤਿਆਰ ਕਰਕੇ ਧੋਖਾਧੜੀ ਕਰਨ ਦੇ ਦੋਸ਼ 'ਚ ਥਾਣਾ ਬਸਤੀ ਜੋਧੇਵਾਲ 'ਚ ਮਾਮਲਾ ਦਰਜ ਕੀਤਾ ਗਿਆ। ਪੁਲੀਸ ਨੇ ਮੁੱਖ ਸਾਜ਼ਿਸ਼ਕਰਤਾ ਹਰਦੀਪ ਸਿੰਘ, ਸੁਖਦੇਵ ਸਿੰਘ, ਰਣਜੀਤ ਸਿੰਘ ਬੱਬਰ, ਸੁਮਿਤ ਕੁਮਾਰ, ਸੰਤੋਖ ਸਿੰਘ, ਹਰਪਾਲ ਸਿੰਘ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਖ ਮੁਲਜ਼ਮ ਹਰਦੀਪ ਸਿੰਘ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ, ਜਦੋਂਕਿ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ। ਸਾਈਬਰ ਸੈੱਲ ਦੇ ਇੰਸਪੈਕਟਰ ਜਤਿੰਦਰ ਸਿੰਘ ਦੀ ਟੀਮ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਕਰੀਬ 6 ਮਹੀਨੇ ਦੀ ਜਾਂਚ ਤੋਂ ਬਾਅਦ ਇਸ ਘਪਲੇ ਦਾ ਪਰਦਾਫਾਸ਼ ਕੀਤਾ।

