ਜਲੰਧਰ : ਬੀਤੀ ਰਾਤ ਕਰੀਬ 9 ਵਜੇ ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਵਿਧੀਪੁਰ ਨੇੜੇ ਇਕ ਤੇਜ਼ ਰਫਤਾਰ ਕਾਰ ਨੇ ਇਕ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਗੰਭੀਰ ਜ਼ਖਮੀ ਹੋ ਗਏ। ਲੋਕਾਂ ਨੇ ਇਸ ਟੱਕਰ ਦੀ ਸੂਚਨਾ ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ ਅਤੇ ਏ. ਐੱਸ. ਆਈ, ਜਤਿੰਦਰ ਸ਼ਰਮਾ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪੁਲੀਸ ਨੇ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾਘਰ ਵਿੱਚ ਰਖਵਾਇਆ ਅਤੇ ਦੋ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ।ਸਬ-ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਕਿ ਜਗਦੀਸ਼ ਚੰਦਰ ਪੁੱਤਰ ਦਰਸ਼ਨ ਲਾਲ ਵਾਸੀ ਸ੍ਰੀ ਗੁਰੂ ਰਵਿਦਾਸ ਨਗਰ ਮਕਸੂਦ ਈ.-ਰਿਕਸ਼ਾ 'ਚ ਸਵਾਰ ਸਵਾਰੀਆਂ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਮੋਹਨ ਲਾਲ ਵਾਸੀ ਵਿਧੀਪੁਰ, ਪੰਕਜ ਵਾਸੀ ਮੁਸਲਿਮ ਕਲੋਨੀ ਗੋਬਿੰਦਾ ਨੂਰਪੁਰ ਕਲੋਨੀ, ਹਰਪ੍ਰੀਤ ਪੁੱਤਰ ਅਵਤਾਰ ਵਾਸੀ ਨੂਰਪੁਰ ਕਲੋਨੀ ਜਲੰਧਰ ਤੋਂ ਵਿਧੀਪੁਰ ਜਾ ਰਹੇ ਸਨ ਤਾਂ। ਵਿਧੀਪੁਰ ਤੋਂ ਕੁਝ ਦੂਰੀ 'ਤੇ ਇੱਕ ਤੇਜ਼ ਰਫ਼ਤਾਰ ਔਡੀ ਕਾਰ ਨੇ ਈ-ਰਿਕਸ਼ਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਈ-ਰਿਕਸ਼ਾ ਪੂਰੀ ਤਰ੍ਹਾਂ ਟੁੱਟ ਗਿਆ। ਇਸ ਟੱਕਰ ਵਿੱਚ ਈ-ਰਿਕਸ਼ਾ ਚਾਲਕ ਜਗਦੀਸ਼ ਚੰਦਰ ਪੁੱਤਰ ਦਰਸ਼ਨ ਲਾਲ, ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਮੋਹਨ ਲਾਲ ਅਤੇ ਪੰਕਜ ਵਾਸੀ ਮੁਸਲਿਮ ਕਲੋਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਹਰਪ੍ਰੀਤ ਪੁੱਤਰ ਅਵਤਾਰ ਅਤੇ ਗੋਬਿੰਦਾ ਗੰਭੀਰ ਜ਼ਖ਼ਮੀ ਹੋ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਸਬ-ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਕਾਰ ਨੰਬਰ ਦੀ ਵਰਤੋਂ ਕਰਕੇ ਕਾਰ ਚਾਲਕ ਨੂੰ ਟਰੇਸ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਡਰਾਈਵਰ ਨੂੰ ਕਾਬੂ ਕਰ ਲਿਆ ਜਾਵੇਗਾ। ਮ੍ਰਿਤਕ ਜਗਦੀਸ਼ ਦੇ ਰਿਸ਼ਤੇਦਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਪੁਲਿਸ ਨੇ ਔਡੀ ਕਾਰ ਅਤੇ ਈ-ਰਿਕਸ਼ਾ ਨੂੰ ਜ਼ਬਤ ਕਰ ਲਿਆ ਹੈ। ਪੁਲਿਸ ਵੱਲੋਂ ਜ਼ਬਤ ਕੀਤੀ ਗਈ ਔਡੀ ਕਾਰ ਚੰਡੀਗੜ੍ਹ ਦੀ ਹੈ। ਸੂਤਰਾਂ ਅਨੁਸਾਰ ਗੱਡੀ ਏ.ਪੀ.ਐਲ. ਮਾਰਕੀਟਿੰਗ ਪ੍ਰਾ. ਲਿਮਿਟੇਡ ਕੰਪਨੀ ਨਾਲ ਸਬੰਧਤ ਹੈ ਅਤੇ ਪੁਲੀਸ ਇਸ ਨਾਲ ਸਬੰਧਤ ਵਿਅਕਤੀ ਤੋਂ ਪੁੱਛ-ਪੜਤਾਲ ਕਰੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਹਾਦਸੇ ਸਮੇਂ ਕਾਰ ਕੌਣ ਚਲਾ ਰਿਹਾ ਸੀ।

