ਲੁਧਿਆਣਾ : ਗੈਂਗਸਟਰ ਸੁੱਖਾ ਬਡੇਵਾਲੀਆ ਦਾ ਕਤਲ ਕਰਨ ਵਾਲੇ ਮੁਲਜ਼ਮ ਨੇ ਉਕਤ ਮਾਮਲੇ ਦੇ ਗਵਾਹ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਦਕਿ ਉਸਦਾ ਦੂਜਾ ਸਾਥੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਮ੍ਰਿਤਕ ਦਾ ਨਾਂ ਸੂਰਜ ਸ਼ਰਮਾ ਉਰਫ ਬਾਬੂ ਹੈ ਅਤੇ ਜ਼ਖਮੀ ਦਾ ਨਾਂ ਹਰਪ੍ਰੀਤ ਸਿੰਘ ਜਗਰਾਉਂ ਹੈ, ਜੋ ਹਸਪਤਾਲ 'ਚ ਦਾਖਲ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਗਰੁੱਪ ਦੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਘਟਨਾ ਦੇਰ ਰਾਤ ਵਾਪਰੀ। ਪਿਛਲੇ ਸਾਲ ਸੁੱਖਾ ਬਡੇਵਾਲੀਆ ਦੀ ਉਸ ਦੇ ਹੀ ਸਾਥੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸੂਰਜ ਸ਼ਰਮਾ ਉਕਤ ਮਾਮਲੇ ਦਾ ਮੁੱਖ ਗਵਾਹ ਸੀ। ਕੇਸ ਵਿੱਚ ਆਪਣੇ ਆਪ ਨੂੰ ਬਚਾਉਣ ਲਈ ਮੁਲਜ਼ਮਾਂ ਨੇ ਦੇਰ ਰਾਤ ਮੁੱਖ ਗਵਾਹ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸੂਚਨਾ ਤੋਂ ਬਾਅਦ ਪੀਏਯੂ ਪੁਲੀਸ ਮੌਕੇ ’ਤੇ ਪਹੁੰਚ ਗਈ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਪੁਲੀਸ ਮੁਲਜ਼ਮ ਦੀ ਭਾਲ ਕਰ ਰਹੀ ਹੈ।

