ਸੰਗਰੂਰ: ਕੇਂਦਰ ਸਰਕਾਰ ਪੰਜਾਬ ਤੇ ਖਾਸ ਕਰਕੇ ਜ਼ਿਲ੍ਹਾ ਸੰਗਰੂਰ ’ਤੇ ਵਿਸ਼ੇਸ਼ ਮਿਹਰਬਾਨੀ ਕਰਨ ਜਾ ਰਹੀ ਹੈ। ਜ਼ਿਲ੍ਹਾ ਸੰਗਰੂਰ ਵਿੱਚ ਹਾਈ ਸਪੀਡ ਬੁਲੇਟ ਟਰੇਨ ਜਲਦੀ ਹੀ ਸੰਗਰੂਰ ਰੇਲਵੇ ਸਟੇਸ਼ਨ ’ਤੇ ਰੁਕੇਗੀ। ਇਹ ਪ੍ਰਗਟਾਵਾ ਸੀਨੀਅਰ ਭਾਜਪਾ ਆਗੂ ਤੇ ਜ਼ਿਲ੍ਹਾ ਇੰਚਾਰਜ ਰਣਦੀਪ ਸਿੰਘ ਦਿਓਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਦਿਓਲ ਨੇ ਕਿਹਾ ਕਿ ਕੇਂਦਰ ਸਰਕਾਰ ਬੁਲੇਟ ਟਰੇਨ ਚਲਾਉਣ ਦੀ ਤਿਆਰੀ ਕਰ ਰਹੀ ਹੈ ਅਤੇ ਨਵਾਂ ਹਾਈ ਸਪੀਡ ਟਰੈਕ ਵਿਛਾਉਣ ਲਈ ਜਗ੍ਹਾ ਹਾਸਲ ਕਰਨ ਦਾ ਕੰਮ ਚੱਲ ਰਿਹਾ ਹੈ। ਜਿਸ ਦਾ ਰੂਟ ਦਿੱਲੀ ਤੋਂ ਅੰਮ੍ਰਿਤਸਰ ਅਤੇ ਸੰਗਰੂਰ ਤੋਂ ਚੰਡੀਗੜ੍ਹ ਹੋਵੇਗਾ। 350 ਕਿ.ਮੀ ਇੱਕ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀ ਬੁਲੇਟ ਟਰੇਨ ਸੰਗਰੂਰ, ਮਲੇਰਕੋਟਲਾ, ਲੁਧਿਆਣਾ, ਕਪੂਰਥਲਾ ਤੋਂ ਹੁੰਦੀ ਹੋਈ ਅੰਮ੍ਰਿਤਸਰ ਜਾਵੇਗੀ।
ਇਸ ਤੋਂ ਬਾਅਦ ਅੰਮ੍ਰਿਤਸਰ ਤੋਂ ਪਠਾਨਕੋਟ ਲਈ ਰਸਤਾ ਬਣੇਗਾ। ਦਿਓਲ ਨੇ ਕਿਹਾ ਕਿ ਇਹ ਟਰੇਨ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਸਹੂਲਤ ਦੇਵੇਗੀ ਕਿਉਂਕਿ ਇਸ ਬੁਲੇਟ ਟਰੇਨ ਨਾਲ ਕਈ ਘੰਟਿਆਂ ਦਾ ਸਫਰ ਮਹਿਜ਼ ਡੇਢ ਤੋਂ ਦੋ ਘੰਟੇ ਦਾ ਰਹਿ ਜਾਂਦਾ ਹੈ। ਦਿਓਲ ਨੇ ਦੱਸਿਆ ਕਿ ਦੂਜੀ ਬੁਲੇਟ ਟਰੇਨ ਚੰਡੀਗੜ੍ਹ, ਰਾਜਪੁਰਾ, ਪਟਿਆਲਾ ਤੋਂ ਸੰਗਰੂਰ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਬਾਰੇ ਸੋਚਿਆ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੇ ਦੇਸ਼ ਦੇ ਨਾਲ-ਨਾਲ ਪੰਜਾਬ ਦਾ ਵੀ ਵਿਕਾਸ ਚਾਹੁੰਦੇ ਹਨ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਜਨਰਲ ਸਕੱਤਰ ਸਚਿਨ ਭਾਰਦਵਾਜ, ਜ਼ਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸ਼ਰਮਾ ਅਤੇ ਨਵਦੀਪ ਸਿੰਘ ਵੀ ਹਾਜ਼ਰ ਸਨ।

