ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਵੱਡੀ ਰਾਹਤ ਮਿਲੀ ਹੈ। ਮਈ 2015 'ਚ ਗੋਗੀ 'ਤੇ ਕਾਂਗਰਸ ਪਾਰਟੀ 'ਚ ਰਹਿੰਦੇ ਹੋਏ ਸਾਂਸਦ ਰਵਨੀਤ ਸਿੰਘ ਬਿੱਟੂ ਅਤੇ ਹੋਰ ਕਾਂਗਰਸੀ ਨੇਤਾਵਾਂ ਦੇ ਨਾਲ ਅੰਮ੍ਰਿਤਸਰ-ਸਵਰਨ ਸ਼ਤਾਬਦੀ ਟਰੇਨ ਨੂੰ ਰੋਕਣ ਦੇ ਦੋਸ਼ ਲੱਗੇ ਸਨ। ਘਟਨਾ ਸਮੇਂ ਗੋਗੀ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਸੀ।
ਮਾਮਲੇ ਦੀ ਸੁਣਵਾਈ ਦੌਰਾਨ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (CJM) ਰਾਧਿਕਾ ਪੁਰੀ ਦੀ ਅਦਾਲਤ ਨੇ ਵਿਧਾਇਕ ਗੋਗੀ ਨੂੰ ਰੇਲਵੇ ਪ੍ਰੋਟੈਕਸ਼ਨ ਫੋਰਸ ਵੱਲੋਂ ਦਾਇਰ ਕੇਸ ਵਿੱਚੋਂ ਬਰੀ ਕਰ ਦਿੱਤਾ। ਸੁਣਵਾਈ ਦੌਰਾਨ ਸਰਕਾਰੀ ਵਕੀਲ ਆਪਣਾ ਕੇਸ ਸਾਬਤ ਨਹੀਂ ਕਰ ਸਕਿਆ, ਜਿਸ ਕਾਰਨ ਅਦਾਲਤ ਨੇ ਗੁਰਪ੍ਰੀਤ ਸਿੰਘ ਗੋਗੀ ਨੂੰ ਮਾਮਲੇ 'ਚ ਰਾਹਤ ਦਿੰਦਿਆਂ ਬਰੀ ਕਰ ਦਿੱਤਾ।
ਮਈ 2015 ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਤਤਕਾਲੀ ਕਾਂਗਰਸੀ ਵਿਧਾਇਕ ਸੁਰਿੰਦਰ ਡਾਵਰ ਅਤੇ ਭਾਰਤ ਭੂਸ਼ਣ ਆਸ਼ੂ ਸਮੇਤ 500 ਤੋਂ ਵੱਧ ਕਾਂਗਰਸੀ ਵਰਕਰਾਂ ਨੇ ਰੇਲ ਪਟੜੀ ਨੂੰ ਜਾਮ ਕਰਕੇ ਨਵੀਂ ਦਿੱਲੀ-ਅੰਮ੍ਰਿਤਸਰ ਸਵਰਨ ਸ਼ਤਾਬਦੀ ਐਕਸਪ੍ਰੈਸ (12029) ਨੂੰ ਗੁਰਦੁਆਰਾ ਦੁਖਨਿਵਾਰਨ ਨੇੜੇ ਰੋਕ ਦਿੱਤਾ ਸੀ।
ਇਹ ਰੋਸ ਪ੍ਰਦਰਸ਼ਨ ਉਸ ਵੇਲੇ ਦੀ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਸਰਕਾਰ ਦੇ ਖਿਲਾਫ "ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਕਣਕ ਦੀ ਖਰੀਦ ਸੰਕਟ" ਨੂੰ ਲੈ ਕੇ ਕੀਤਾ ਗਿਆ ਸੀ। ਸਤੰਬਰ 2017 ਵਿੱਚ, RPF ਨੇ ਗੋਗੀ ਨੂੰ ਉਸਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ, ਵਿਧਾਇਕ ਨੂੰ ਉਸਦੀ ਗ੍ਰਿਫਤਾਰੀ ਤੋਂ ਇੱਕ ਘੰਟੇ ਬਾਅਦ 5,000 ਰੁਪਏ ਦੇ ਜ਼ਮਾਨਤ ਬਾਂਡ 'ਤੇ ਰਿਹਾਅ ਕਰ ਦਿੱਤਾ ਗਿਆ ਸੀ।

