ਅੱਜ ਲੁਧਿਆਣਾ 'ਚ ਹਾਈ ਸਕਿਓਰਿਟੀ ਨੰਬਰ ਪਲੇਟ ਤੋਂ ਬਿਨਾਂ ਗੱਡੀ ਚਲਾਉਣ ਵਾਲਿਆਂ 'ਤੇ ਟ੍ਰੈਫਿਕ ਪੁਲਿਸ ਵੱਲੋਂ ਸ਼ਿਕੰਜਾ ਕੱਸਿਆ ਜਾਵੇਗਾ। ਹਾਈ ਸਕਿਓਰਿਟੀ ਨੰਬਰ ਪਲੇਟ ਨਾ ਲਗਾਉਣ ਵਾਲਿਆਂ ਦੇ ਚਲਾਨ ਅੱਜ ਤੋਂ ਸ਼ੁਰੂ ਹੋਣਗੇ। ਪਹਿਲਾ ਚਲਾਨ 2,000 ਰੁਪਏ, ਦੂਜਾ ਚਲਾਨ 3,000 ਰੁਪਏ ਅਤੇ ਜੇਕਰ ਤੀਸਰੀ ਵਾਰ ਵਾਹਨ ਫੜਿਆ ਜਾਂਦਾ ਹੈ ਤਾਂ ਉਸ ਨੂੰ ਬੰਦ ਕਰਨ ਦੀ ਵਿਵਸਥਾ ਹੈ।
ਇਹ ਕਦਮ ਰਾਜ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਲਿਆ ਗਿਆ ਹੈ ਕਿ 1 ਅਪ੍ਰੈਲ, 2019 ਤੋਂ ਪਹਿਲਾਂ ਰਜਿਸਟਰਡ ਵਾਹਨਾਂ 'ਤੇ HSRP ਲਗਾਉਣ ਦੀ ਆਖਰੀ ਮਿਤੀ 30 ਜੂਨ ਸੀ।
ACP ਚਰਨਜੀਵ ਲਾਂਬਾ ਨੇ ਦੱਸਿਆ ਕਿ ਪੁਲਿਸ ਨੇ ਲੋਕਾਂ ਨੂੰ ਹਾਈ ਸਕਿਓਰਿਟੀ ਵਾਲੀਆਂ ਨੰਬਰ ਪਲੇਟਾਂ ਲਗਵਾਉਣ ਲਈ ਕਾਫੀ ਸਮਾਂ ਦਿੱਤਾ ਸੀ। ਪਰ ਲੋਕ ਲਾਪਰਵਾਹ ਹੋਣ ਲੱਗੇ। ਇਸੇ ਕਾਰਨ ਅੱਜ ਲੁਧਿਆਣਾ ਟਰੈਫਿਕ ਪੁਲਿਸ ਵੱਲੋਂ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਮੁੜ ਸ਼ੁਰੂ ਕੀਤੀ ਜਾ ਰਹੀ ਹੈ। ਵਾਹਨ ਮਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਨਿਯਮਾਂ ਦੀ ਪਾਲਣਾ ਕਰਨ ਅਤੇ ਕਾਰਵਾਈ ਤੋਂ ਬਚਣ ਲਈ ਤੁਰੰਤ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਵਾਉਣ।
ਲੁਧਿਆਣਾ ਦੇ ਹਾਈ ਸਕਿਓਰਿਟੀ ਨੰਬਰ ਪਲੇਟ ਸੈਂਟਰ ਵਿੱਚ ਸੱਤ ਹਜ਼ਾਰ ਤੋਂ ਵੱਧ ਨੰਬਰ ਪਲੇਟਾਂ ਤਿਆਰ ਹਨ। ਇਨ੍ਹਾਂ ਨੂੰ ਵਾਹਨਾਂ 'ਤੇ ਲਗਾਉਣ ਲਈ ਕੋਈ ਨਹੀਂ ਆ ਰਿਹਾ। ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਵਾਉਣ ਲਈ ਹਰ ਰੋਜ਼ 150 ਅਰਜ਼ੀਆਂ ਆ ਰਹੀਆਂ ਹਨ। ਜਦੋਂ ਕਿ ਇਨ੍ਹਾਂ ਵਿੱਚੋਂ 80 ਦੇ ਕਰੀਬ ਲੋਕ ਹੀ ਆਪਣੇ ਵਾਹਨਾਂ ’ਤੇ ਪਲੇਟਾਂ ਲਗਵਾਉਣ ਆਉਂਦੇ ਹਨ। ਹੁਣ ਤੱਕ ਸ਼ਹਿਰ 'ਚ ਕਰੀਬ 5 ਲੱਖ ਵਾਹਨ ਅਜਿਹੇ ਹਨ, ਜਿਨ੍ਹਾਂ 'ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਨਹੀਂ ਹਨ। ਹਾਈ ਸਕਿਓਰਿਟੀ ਨੰਬਰ ਪਲੇਟਾਂ ਨਾ ਲੱਗੀ ਹੋਣ ਕਾਰਨ ਘਟਨਾ ਤੋਂ ਬਾਅਦ ਪੁਲਿਸ ਨੂੰ ਦੋਸ਼ੀ ਦਾ ਪਤਾ ਲਗਾਉਣ 'ਚ ਮੁਸ਼ਕਲ ਆ ਰਹੀ ਹੈ।

