ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਬੇਅਦਬੀਆਂ ਲਈ ਆਪਣੇ 103ਵੇਂ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗੀ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਵੱਡੇ ਬਾਦਲ ਸਾਹਬ ਸਾਰੀ ਉਮਰ ਇਸੇ ਦੁੱਖ ਵਿੱਚ ਰਹੇ ਹਨ ਕਿ ਮੁੱਖ ਮੰਤਰੀ ਹੁੰਦਿਆਂ ਅਜਿਹੀ ਸਥਿਤੀ ਪੈਦਾ ਹੋਈ ਅਤੇ ਉਨ੍ਹਾਂ ਨੂੰ ਇਹ ਕੇਸ ਸੀਬੀਆਈ ਨੂੰ ਸੌਂਪਣਾ ਪਿਆ। ਉਹ ਖੁਦ ਦੋਸ਼ੀਆਂ ਨੂੰ ਨਹੀਂ ਫੜ ਸਕੇ।
ਸੁਖਬੀਰ ਬਾਦਲ ਨੇ ਕਿਹਾ- ਅੱਜ ਮੁੱਖ ਸੇਵਾਦਾਰ ਬਣ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਹਾਂ। ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਮੁਆਫ਼ੀ ਮੰਗਦਾ ਹਾਂ ਕਿ ਜੇਕਰ ਸਾਡੀ ਸਰਕਾਰ ਦੌਰਾਨ ਮੈਂ ਸਰਕਾਰ ਦੇ ਨਾਲ ਜਾਂ ਸਰਕਾਰ ਤੋਂ ਬਿਨਾਂ ਕਿਸੇ ਨੂੰ ਦੁੱਖ ਪਹੁੰਚਾਇਆ ਹੈ ਤਾਂ ਅਸੀਂ ਮੁਆਫ਼ੀ ਮੰਗਦੇ ਹਾਂ।
ਸਾਡੇ ਸ਼ਾਸਨ ਦੌਰਾਨ ਹੋਈ ਬੇਅਦਬੀ ਲਈ ਅਸੀਂ ਮੁਆਫੀ ਮੰਗਦੇ ਹਾਂ। ਅਸੀਂ ਦੋਸ਼ੀ ਨੂੰ ਨਹੀਂ ਫੜ ਸਕੇ, ਉਸ ਲਈ ਵੀ ਅਫਸੋਸ ਹੈ। ਅਸਲ ਦੋਸ਼ੀਆਂ ਅਤੇ ਸਿਆਸਤਦਾਨਾਂ ਦੇ ਚਿਹਰਿਆਂ ਨੂੰ ਵੀ ਕੌਮ ਦੇ ਸਾਹਮਣੇ ਲਿਆਂਦਾ ਜਾਵੇਗਾ।
ਸੁਖਬੀਰ ਬਾਦਲ ਨੇ ਕਿਹਾ ਕਿ ਦੂਜੀਆਂ ਸਰਕਾਰਾਂ ਦੇ ਸਮੇਂ ਜਦੋਂ ਹਰਿਮੰਦਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਪਟਿਆਲਾ ਦੀ ਬੇਅਦਬੀ ਹੋਈ ਤਾਂ ਕਿਸੇ ਨੇ ਆਵਾਜ਼ ਨਹੀਂ ਉਠਾਈ। ਜਦੋਂ 10-11 ਥਾਵਾਂ 'ਤੇ ਬੇਅਦਬੀ ਹੋਈ ਤਾਂ ਕਿਸੇ ਕੋਲ ਜਾ ਕੇ ਦੇਖਣ ਦਾ ਸਮਾਂ ਨਹੀਂ ਸੀ।
ਅਸਲ ਵਿੱਚ ਅਕਾਲੀ ਦਲ ਨੂੰ ਇਸ ਲਈ ਕਮਜੋਰ ਕੀਤਾ ਗਿਆ ਸੀ ਤਾਂ ਕਿ ਕੌਮ ਉੱਤੇ ਹਮਲਾ ਕੀਤਾ ਜਾ ਸਕੇ। SGPC ਜੋ 102 ਸਾਲ ਪੁਰਾਣੀ ਹੈ, ਉਸ ਨੂੰ ਵੀ ਤੋੜਨ ਦੀ ਦੁਸ਼ਮਣ ਤਾਕਤਾਂ ਨੂੰ ਹਿੰਮਤ ਮਿਲੀ।

