*ਵਨ ਟਾਈਮ ਸੈਟਲਮੈਂਟ ਸਕੀਮ: 31 ਦਸੰਬਰ ਤੱਕ ਕਰੋ ਬਿਨਾਂ ਜੁਰਮਾਨੇ ਅਤੇ ਵਿਆਜ ਦੇ ਬਕਾਇਆ ਪ੍ਰਾਪਰਟੀ ਟੈਕਸ ਦਾ ਭੁਗਤਾਨ*
*ਨਿਵਾਸੀ 31 ਦਸੰਬਰ ਤੱਕ ਪਾਣੀ-ਸੀਵਰ ਬਿੱਲ ਦੇ ਭੁਗਤਾਨ 'ਤੇ 10 ਫੀਸਦੀ ਦੀ ਛੋਟ ਦਾ ਵੀ ਲਾਭ ਲੈ ਸਕਦੇ ਹਨ*
ਲੁਧਿਆਨਾ ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਬਕਾਇਆ ਜਾਇਦਾਦ ਦਾ ਭੁਗਤਾਨ ਕਰਨ ਦੀ ਆਖਰੀ ਮਿਤੀ 31 ਦਸੰਬਰ, 2023 ਹੋਣ ਦੇ ਨਾਲ, ਨਗਰ ਨਿਗਮ ਨੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਇਸ ਸਕੀਮ ਦਾ ਲਾਭ ਲੈਣ ਅਤੇ ਆਪਣਾ ਬਕਾਇਆ ਟੈਕਸ ਬਿਨਾ ਵਿਆਜ ਅਤੇ ਜੁਰਮਾਨੇ ਤੋਂ ਜਮ੍ਹਾਂ ਕਰਵਾਉਣ।
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਮੰਗਲਵਾਰ ਨੂੰ ਜ਼ੋਨ ਡੀ ਦਫ਼ਤਰ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਵਸਨੀਕਾਂ ਤੋਂ ਪ੍ਰਾਪਰਟੀ ਟੈਕਸ ਅਤੇ ਵਾਟਰ-ਸੀਵਰ ਬਿਲਾਂ ਦੀ ਵਸੂਲੀ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਜਾਰੀ ਕੀਤੇ।
ਮੀਟਿੰਗ ਵਿੱਚ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਸੰਯੁਕਤ ਕਮਿਸ਼ਨਰ ਕੁਲਪ੍ਰੀਤ ਸਿੰਘ, ਸੰਯੁਕਤ ਕਮਿਸ਼ਨਰ ਨਵਨੀਤ ਕੌਰ, ਸੰਯੁਕਤ ਕਮਿਸ਼ਨਰ ਚੇਤਨ ਬੰਗਰ, ਜ਼ੋਨਲ ਕਮਿਸ਼ਨਰ ਨੀਰਜ ਜੈਨ, ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਨਿਯਮਾਂ ਅਨੁਸਾਰ, ਜਿਨ੍ਹਾਂ ਵਸਨੀਕਾਂ ਨੇ ਪਹਿਲਾਂ ਟੈਕਸ ਨਹੀਂ ਭਰਿਆ ਹੈ, ਉਨ੍ਹਾਂ ਨੂੰ ਬਕਾਇਆ ਪ੍ਰਾਪਰਟੀ ਟੈਕਸ 'ਤੇ 20 ਫੀਸਦੀ ਜੁਰਮਾਨਾ ਅਤੇ 18 ਫੀਸਦੀ ਸਾਲਾਨਾ ਵਿਆਜ ਦੇਣਾ ਪੈਂਦਾ ਹੈ।
ਪਰ ਇਸ ਸਕੀਮ ਦੇ ਤਹਿਤ, ਵਸਨੀਕ ਹੁਣ 31 ਦਸੰਬਰ, 2023 ਤੱਕ ਬਿਨਾਂ ਜੁਰਮਾਨੇ ਅਤੇ ਵਿਆਜ ਦੇ ਇੱਕਮੁਸ਼ਤ ਟੈਕਸ ਦਾ ਭੁਗਤਾਨ ਕਰ ਸਕਦੇ ਹਨ। ਰਾਜ ਸਰਕਾਰ ਦੁਆਰਾ 100 ਫੀਸਦੀ ਜੁਰਮਾਨੇ ਅਤੇ ਵਿਆਜ ਦੀ ਛੋਟ ਦਾ ਐਲਾਨ ਕੀਤਾ ਗਿਆ ਹੈ।
ਸਤੰਬਰ ਮਹੀਨੇ ਵਿੱਚ ਸੂਬਾ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਦੀ ਘੋਸ਼ਣਾ ਤੋਂ ਬਾਅਦ, 64,000 ਤੋਂ ਵੱਧ ਪ੍ਰਾਪਰਟੀ ਮਾਲਕ ਇਸ ਸਕੀਮ ਦਾ ਲਾਭ ਲੈ ਚੁੱਕੇ ਹਨ ਅਤੇ ਨਗਰ ਨਿਗਮ ਨੂੰ ਲਗਭਗ 6.42 ਕਰੋੜ ਰੁਪਏ ਦੀ ਆਮਦਨ ਹੋਈ ਹੈ।
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਲਈ ਬਿਨਾਂ ਕਿਸੇ ਜੁਰਮਾਨੇ ਅਤੇ ਵਿਆਜ ਦੇ ਬਕਾਇਆ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਪਰ ਇਹ ਲਾਭ 31 ਦਸੰਬਰ, 2023 ਤੱਕ ਬਕਾਇਆ ਪ੍ਰਾਪਰਟੀ ਟੈਕਸ ਦੇ ਇਕਮੁਸ਼ਤ ਭੁਗਤਾਨ 'ਤੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਸੰਦੀਪ ਰਿਸ਼ੀ ਨੇ ਅੱਗੇ ਦੱਸਿਆ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਵਸਨੀਕਾਂ ਤੋਂ ਬਕਾਇਆ ਵਸੂਲੀ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਵਸਨੀਕਾਂ ਤੋਂ ਵਸੂਲੇ ਗਏ ਫੰਡਾਂ ਦੀ ਵਰਤੋਂ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ
ਪਾਣੀ-ਸੀਵਰ ਬਿਲਾਂ ਦੇ ਭੁਗਤਾਨ 'ਤੇ 10 ਫੀਸਦੀ ਛੋਟ ਕਰੋ ਪ੍ਰਾਪਤ:
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਵਸਨੀਕ ਮੌਜੂਦਾ ਵਿੱਤੀ ਸਾਲ (2023-24) ਲਈ ਪਾਣੀ-ਸੀਵਰ ਬਿਲਾਂ ਦੇ ਭੁਗਤਾਨ 'ਤੇ 10 ਫੀਸਦੀ ਦੀ ਛੋਟ ਦਾ ਵੀ ਲਾਭ ਲੈ ਸਕਦੇ ਹਨ। 31 ਦਸੰਬਰ 2023 ਤੱਕ ਬਿੱਲਾਂ ਦਾ ਭੁਗਤਾਨ ਕਰਨ 'ਤੇ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ (2023-24) ਦੇ ਬਿੱਲ ਪਹਿਲਾਂ ਹੀ ਆਨਲਾਈਨ ਜਾਰੀ ਕੀਤੇ ਜਾ ਚੁੱਕੇ ਹਨ।
ਲੰਬੀਆਂ ਕਤਾਰਾਂ ਤੋਂ ਬਚਣ ਲਈ, ਵਸਨੀਕ ਨਿਗਰ ਨਿਗਮ ਦੀ ਵੈੱਬਸਾਈਟ - mcludhiana.gov.in 'ਤੇ ਜਾ ਕੇ ਟੈਕਸ/ਬਿਲਾਂ ਦਾ ਆਨਲਾਈਨ ਭੁਗਤਾਨ ਕਰ ਸਕਦੇ ਹਨ। ਚਾਰੇ ਜ਼ੋਨਲ ਦਫ਼ਤਰਾਂ ਵਿੱਚ ਸਥਿਤ ਨਗਰ ਨਿਗਮ ਦੇ ਸੁਵਿਧਾ ਕੇਂਦਰਾਂ ਵਿੱਚ ਵੀ ਭੁਗਤਾਨ ਕੀਤਾ ਜਾ ਸਕਦਾ ਹੈ।
