ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਦੇ ਮੈਕਸ ਹਸਪਤਾਲ 'ਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਮਰੀਜ਼ ਦੀ ਸਰਜਰੀ ਕਰਨ ਤੋਂ ਬਾਅਦ ਡਾਕਟਰਾਂ ਨੇ ਪੱਟੀ ਅੰਦਰ ਹੀ ਛੱਡ ਦਿੱਤੀ। ਇਸ ਗੱਲ ਦਾ ਪਤਾ ਲੱਗਣ ’ਤੇ ਉਸ ਨੇ ਮੁਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਇਸ ਦਾ ਇਲਾਜ ਕਰਵਾਇਆ। ਡਾਕਟਰ ਨੇ ਦੱਸਿਆ ਕਿ ਜੇਕਰ ਉਹ ਸਮੇਂ ਸਿਰ ਨਾ ਪਹੁੰਚਦਾ ਤਾਂ ਇਸ ਕਾਰਨ ਉਸ ਨੂੰ ਇਨਫੈਕਸ਼ਨ ਹੋ ਸਕਦੀ ਸੀ। ਪ੍ਰਾਈਵੇਟ ਹਸਪਤਾਲ ਨੇ ਇਸ ਅਪਰੇਸ਼ਨ ਲਈ ਕਰੀਬ 65 ਹਜ਼ਾਰ ਰੁਪਏ ਲਏ ਹਨ। ਪੀੜਤ ਦੀ ਪਛਾਣ ਜੋਸ਼ੀਲ ਅਬਰਾਹਿਮ ਵਜੋਂ ਹੋਈ ਹੈ।
ਜੋਸ਼ੀਲ ਅਬਰਾਹਮ ਨੇ ਦੱਸਿਆ ਕਿ ਉਹ ਆਪਣੀ ਬਵਾਸੀਰ ਦੀ ਬਿਮਾਰੀ ਦੇ ਇਲਾਜ ਲਈ 24 ਤਰੀਕ ਨੂੰ ਇਸ ਹਸਪਤਾਲ ਵਿੱਚ ਦਾਖਲ ਹੋਇਆ ਸੀ। ਹਸਪਤਾਲ ਨੇ ਉਸ ਦਾ ਇਲਾਜ ਕੀਤਾ ਅਤੇ 25 ਨੂੰ ਛੁੱਟੀ ਦੇ ਦਿੱਤੀ। ਜਦੋਂ ਉਹ ਘਰ ਆਇਆ ਤਾਂ ਉਸ ਨੂੰ ਅਪਰੇਸ਼ਨ ਵਾਲੀ ਥਾਂ 'ਤੇ ਤੇਜ਼ ਦਰਦ ਹੋਣ ਲੱਗਾ। ਇਸ ਤੋਂ ਬਾਅਦ ਉਹ ਇਲਾਜ ਲਈ ਮੋਹਾਲੀ ਦੇ ਸਿਵਲ ਹਸਪਤਾਲ ਗਿਆ ਤਾਂ ਜਾਂਚ ਦੌਰਾਨ ਪਤਾ ਲੱਗਾ ਕਿ ਅੰਦਰ ਪੱਟੀ ਲੱਗੀ ਹੋਈ ਹੈ। ਉਨ੍ਹਾਂ ਇਸ ਸਬੰਧੀ ਹਸਪਤਾਲ ਪ੍ਰਬੰਧਕਾਂ ਨੂੰ ਵੀ ਸ਼ਿਕਾਇਤ ਕੀਤੀ ਹੈ।
ਪੀੜਤ ਨੇ ਦੱਸਿਆ ਕਿ ਕੱਲ੍ਹ ਉਸ ਨੇ ਇਸ ਮਾਮਲੇ ਵਿੱਚ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਸੀ ਪਰ ਅੱਜ ਉਹ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦੇ ਕੇ ਹਸਪਤਾਲ ਪ੍ਰਬੰਧਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਗੇ। ਹਸਪਤਾਲ ਪ੍ਰਬੰਧਕਾਂ ਨੇ ਉਸ ਦੀ ਜਾਨ ਨਾਲ ਖੇਡਿਆ ਹੈ। ਜੇਕਰ ਉਨ੍ਹਾਂ ਨੂੰ ਸਮੇਂ ਸਿਰ ਪਤਾ ਨਾ ਲੱਗਾ ਹੁੰਦਾ ਤਾਂ ਕੁੱਝ ਵੀ ਹੋ ਸਕਦਾ ਸੀ।
ਮੈਕਸ ਹਸਪਤਾਲ ਦੇ ਬੁਲਾਰੇ ਵੱਲੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਹਸਪਤਾਲ ਪ੍ਰਬੰਧਨ ਨੂੰ ਇੱਕ ਮਰੀਜ਼ ਵੱਲੋਂ ਇਸ ਤਰ੍ਹਾਂ ਦੀ ਸ਼ਿਕਾਇਤ ਮਿਲੀ ਹੈ। ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਕਿਸ ਸਟਾਫ਼ ਨੇ ਅਜਿਹੀ ਲਾਪ੍ਰਵਾਹੀ ਕੀਤੀ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

