ਲੁਧਿਆਣਾ ਜੀਆਰਪੀ ਨੇ ਰੇਲਵੇ ਸਟੇਸ਼ਨ ਤੋਂ ਦੋ ਵਿਅਕਤੀਆਂ ਨੂੰ ਕਰੀਬ 2 ਕਿਲੋ ਸੋਨੇ ਸਮੇਤ ਕਾਬੂ ਕੀਤਾ ਹੈ। ਜਿਨ੍ਹਾਂ ਨੂੰ ਬਾਅਦ ਵਿੱਚ ਆਬਕਾਰੀ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮ ਅੰਮ੍ਰਿਤਸਰ ਦੇ ਵਸਨੀਕ ਹਨ ਅਤੇ ਇਹ ਸੋਨਾ ਇਲਾਹਾਬਾਦ ਤੋਂ ਲਿਆਏ ਸਨ, ਜਿਨ੍ਹਾਂ ਨੇ ਕੁਝ ਸੋਨਾ ਲੁਧਿਆਣਾ ਵਿਖੇ ਪਹੁੰਚਾਉਣਾ ਸੀ।
ਇਸ ਸਬੰਧੀ ਥਾਣਾ ਜੀਆਰਪੀ ਲੁਧਿਆਣਾ ਦੇ ਸਬ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਦੋ ਵਿਅਕਤੀ ਰੇਲਵੇ ਸਟੇਸ਼ਨ ਦੇ ਪਿਛਲੇ ਦਰਵਾਜ਼ੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ। ਸ਼ੱਕ ਦੇ ਆਧਾਰ 'ਤੇ ਉਨ੍ਹਾਂ ਨੂੰ ਰੋਕਿਆ ਗਿਆ ਅਤੇ ਜੀਆਰਪੀ ਅਤੇ ਆਰਪੀਐਫ ਵੱਲੋਂ ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ ਕਰੀਬ 2 ਕਿਲੋ ਸੋਨਾ ਬਰਾਮਦ ਕੀਤਾ ਗਿਆ। ਮੁਲਜ਼ਮ ਸੋਨੇ ਨਾਲ ਸਬੰਧਤ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਇਸ ਤੋਂ ਬਾਅਦ ਇਸ ਦੀ ਸੂਚਨਾ ਆਬਕਾਰੀ ਵਿਭਾਗ ਨੂੰ ਦਿੱਤੀ ਗਈ ਅਤੇ ਆਬਕਾਰੀ ਵਿਭਾਗ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
