ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਚਹੇਤੀ ਗੁੱਟ ਦੀ ਘੜੀ ਦੇਖ ਕੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਭਾਵੁਕ ਹੋ ਗਏ। ਪਿਤਾ ਬਲਕੌਰ ਸਿੰਘ ਨੇ ਇਹ ਘੜੀ ਸਿੱਧੂ ਮੂਸੇਵਾਲਾ ਦੇ ਪੁਤਲੇ ਦੇ ਗੁੱਟ 'ਤੇ ਸਜਾਈ ਹੈ। ਮੂਸੇਵਾਲਾ ਦੀ ਇਹ ਘੜੀ ਉਨ੍ਹਾਂ ਨੂੰ ਆਸਟ੍ਰੇਲੀਆਈ ਘੜੀ ਨਿਰਮਾਤਾ ਹਾਊਸ ਆਫ ਖਾਲਸਾ ਦੇ ਸੰਸਥਾਪਕ ਡੈਨੀ ਸਿੰਘ ਨੇ ਦਿੱਤੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਨੀ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ 2021 'ਚ ਲੰਡਨ ਦੀ ਯਾਤਰਾ 'ਤੇ ਸਨ। ਇਸ ਦੌਰਾਨ ਉਸ ਨੇ ਆਪਣੇ ਇਕ ਦੋਸਤ ਰਾਹੀਂ 'ਓਸ਼ਨ ਲਾਇਨ' ਘੜੀ ਦਾ ਵਿਸ਼ੇਸ਼ ਆਰਡਰ ਦਿੱਤਾ ਸੀ। ਜਦੋਂ ਤੱਕ ਘੜੀ ਲੰਡਨ ਵਿੱਚ ਡਿਲੀਵਰੀ ਲਈ ਤਿਆਰ ਸੀ, ਸਿੱਧੂ ਭਾਰਤ ਵਾਪਸ ਆ ਚੁੱਕਾ ਸੀ। ਉਸਨੇ ਆਪਣੀ ਅਗਲੀ ਫੇਰੀ ਦੌਰਾਨ ਆਰਡਰ ਕੀਤੀ ਵਿਸ਼ੇਸ਼ ਘੜੀ ਦੀ ਡਿਲਿਵਰੀ ਲੈਣ ਦਾ ਵਾਅਦਾ ਕੀਤਾ ਸੀ, ਪਰ ਕਿਸਮਤ ਦੀਆਂ ਹੋਰ ਯੋਜਨਾਵਾਂ ਸਨ। ਬਦਕਿਸਮਤੀ ਨਾਲ ਮਸ਼ਹੂਰ ਗਾਇਕ ਸਾਡੇ ਤੋਂ ਦੂਰ ਹੋ ਗਿਆ।
ਡੈਨੀ ਨੇ ਕਿਹਾ ਕਿ ਲੰਡਨ 'ਚ ਮੂਸੇਵਾਲਾ ਦੇ ਦੋਸਤ ਨੇ ਪੁੱਛਿਆ ਕਿ ਸਿੱਧੂ ਦੀ ਘੜੀ ਦਾ ਕੀ ਕਰੀਏ। ਸਾਰਿਆਂ ਨੇ ਇਸ ਨੂੰ ਵਾਪਸ ਭੇਜਣ ਦੀ ਸਲਾਹ ਦਿੱਤੀ, ਪਰ ਮੂਸੇਵਾਲਾ ਦੇ ਸ਼ੋਅ ਦੇ ਪ੍ਰਬੰਧਕ ਗੁਰਦੇਵ ਸਿੰਘ ਨੇ ਇਸ ਨੂੰ ਪਰਿਵਾਰ ਨੂੰ ਸੌਂਪਣ ਦਾ ਫੈਸਲਾ ਕੀਤਾ।

