ਪੰਜਾਬ ਦੇ ਲੁਧਿਆਣਾ ਵਿੱਚ ਇੱਕ ਨਿੱਜੀ ਬੈਂਕ ਦੇ ਲੋਨ ਵਿਭਾਗ ਦਾ ਇੱਕ ਮੁਲਾਜ਼ਮ ਹੈਰੋਇਨ ਸਮੱਗਲਰ ਨਿਕਲਿਆ ਹੈ। ਸਪੈਸ਼ਲ ਟਾਸਕ ਫੋਰਸ (STF) ਨੇ ਸਮੱਗਲਰ ਦੇ ਬੈਗ 'ਚੋਂ ਕਰੀਬ 86 ਲੱਖ ਰੁਪਏ ਦੀ 1 ਕਿਲੋ 720 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮ ਦੀ ਪਛਾਣ ਮੁਨੀਸ਼ ਸ਼ਰਮਾ ਮਨੀ ਵਾਸੀ ਲੇਬਰ ਕਲੋਨੀ, ਮੁਹੱਲਾ ਖੰਡ, ਅੰਮ੍ਰਿਤਸਰ ਵਜੋਂ ਹੋਈ ਹੈ।
STF ਲੁਧਿਆਣਾ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮੁਨੀਸ਼ ਸ਼ਰਮਾ ਨੂੰ ਮੁਖ਼ਬਰ ਦੀ ਸੂਚਨਾ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਬੈਗ ਵਿਚ ਹੈਰੋਇਨ ਦੀ ਵੱਡੀ ਖੇਪ ਛੁਪੀ ਹੋਈ ਸੀ। ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਮੁਨੀਸ਼ ਸ਼ਰਮਾ ਇੰਡਸਇੰਡ ਬੈਂਕ ਪੱਖੋਵਾਲ ਰੋਡ ਲੁਧਿਆਣਾ ਦੇ ਲੋਨ ਵਿਭਾਗ ਵਿੱਚ ਕੰਮ ਕਰਦਾ ਸੀ। ਇਸ ਦੀ ਆੜ ਵਿੱਚ ਉਹ ਹੈਰੋਇਨ ਦੀ ਤਸਕਰੀ ਦਾ ਧੰਦਾ ਕਰ ਰਿਹਾ ਸੀ। ਉਹ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਤੋਂ ਸਸਤੇ ਭਾਅ 'ਤੇ ਹੈਰੋਇਨ ਲਿਆ ਕੇ ਲੁਧਿਆਣਾ 'ਚ ਮਹਿੰਗੇ ਭਾਅ 'ਤੇ ਸਪਲਾਈ ਕਰਦਾ ਸੀ।

