ਭਵਾਨੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਦਸਿਆਂ ਦੌਰਾਨ ਜ਼ਖ਼ਮੀ ਹੋਏ ਲੋਕਾਂ ਦੀ ਜਾਨ ਬਚਾਉਣ ਲਈ ਬਣਾਈ ਗਈ ‘ਰੋਡ ਸੇਫਟੀ ਫੋਰਸ’ ਨੇ ਕੱਲ੍ਹ ਪਹਿਲੀ ਜਾਨ ਬਚਾਈ। ਫੋਰਸ ਨੂੰ ਭਵਾਨੀਗੜ੍ਹ ਦੇ ਬਾਲਦ ਕੈਂਚੀਆਂ ਵਿੱਚ ਇੱਕ ਨੌਜਵਾਨ ਦੀ ਜਾਨ ਬਚਾਉਣ ਦਾ ਪਹਿਲਾ ਮੌਕਾ ਮਿਲਿਆ। ਦਰਅਸਲ ਬੀਤੀ ਰਾਤ ਕਰੀਬ 10 ਵਜੇ ਮੋਟਰਸਾਈਕਲ ਸਵਾਰ ਨੌਜਵਾਨ ਜੋ ਕਿ ਸਮਾਣਾ ਦਾ ਰਹਿਣ ਵਾਲਾ ਹੈ, ਸਮਾਣਾ ਰੋਡ 'ਤੇ ਓਵਰਬ੍ਰਿਜ ਹੇਠਾਂ ਡਿੱਗ ਗਿਆ ਸੀ।
ਨੌਜਵਾਨ ਦੇ ਸਿਰ ਅਤੇ ਹੱਥਾਂ 'ਤੇ ਗੰਭੀਰ ਸੱਟਾਂ ਲੱਗੀਆਂ। ਜਦੋਂ ਉਸ ਨੇ ਇਸ ਬਾਰੇ ਲੰਘ ਰਹੇ ਲੋਕਾਂ ਨੂੰ ਦੱਸਿਆ ਤਾਂ ਸਾਹਮਣੇ ਖੜ੍ਹੀ ‘ਰੋਡ ਸੇਫਟੀ ਫੋਰਸ’ ਦੀ ਗੱਡੀ ਦੇ ਮੁਲਾਜ਼ਮਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ। ਸਟਾਫ਼ ਨੇ ਤੁਰੰਤ ਆ ਕੇ ਨੌਜਵਾਨ ਦੀ ਪੱਟੀ ਕਰ ਕੇ ਉਸ ਨੂੰ ਕਾਰ ਵਿਚ ਬਿਠਾ ਕੇ ਸਿਰਫ਼ 5 ਮਿੰਟਾਂ ਵਿਚ ਹੀ ਭਵਾਨੀਗੜ੍ਹ ਦੇ ਸੀ.ਐਚ.ਸੀ. ਹਸਪਤਾਲ ਲੈ ਗਏ। ਇੱਥੇ ਡਾਕਟਰ ਮੁਖਤਿਆਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਇਸ ਨੌਜਵਾਨ ਦਾ ਇਲਾਜ ਕੀਤਾ।
ਇਸ ਮੌਕੇ 'ਰੋਡ ਸੇਫਟੀ ਫੋਰਸ' ਯੂਨਿਟ ਦੇ ਕਰਨਲ ਸਿੰਘ ਨੇ ਕਿਹਾ ਕਿ ਉਹ ਇਸ ਬੀਟ 'ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੰਮ ਕਰ ਰਹੇ ਹਨ ਕਿਉਂਕਿ ਸਾਡਾ ਪਹਿਲਾ ਫਰਜ਼ ਹੈ ਕਿ ਕਿਸੇ ਦੀ ਜਾਨ ਬਚਾਉਣੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਇਹ ਨੌਜਵਾਨ ਜ਼ਖਮੀ ਕਿਵੇਂ ਹੋਇਆ, ਪਰ ਉਸ ਦੀ ਹਾਲਤ ਬਹੁਤ ਗੰਭੀਰ ਸੀ ਅਤੇ ਜੇਕਰ ਉਹ ਕੁਝ ਸਮਾਂ ਉੱਥੇ ਰਹਿੰਦਾ ਤਾਂ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ।

