ਪੰਜਾਬ : ਪੰਜਾਬ 'ਚ ਵਿਆਹ ਦੇ ਸ਼ੂਟ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਲੋਕ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਰਸਤੇ ਵਿੱਚ ਪ੍ਰੀ-ਵੈਡਿੰਗ ਸ਼ੂਟਿੰਗ ਨਹੀਂ ਕਰਵਾ ਸਕਦੇ। ਇੰਨਾ ਹੀ ਨਹੀਂ ਪੁਲਸ ਰੀਲ ਬਣਾਉਣ ਵਾਲੇ ਖਿਲਾਫ ਵੀ ਕਾਰਵਾਈ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਨੇ ਉਪਰੋਕਤ ਫੈਸਲਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਿਆ ਹੈ ਅਤੇ ਸੰਗਤ ਨੇ ਇਸ 'ਤੇ ਇਤਰਾਜ਼ ਪ੍ਰਗਟਾਇਆ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਹੈਰੀਟੇਜ ਰੋਡ 'ਤੇ ਵੱਡੇ-ਵੱਡੇ ਪੋਸਟਰ ਲਗਾ ਕੇ ਪ੍ਰੀ-ਵੈਡਿੰਗ ਸ਼ੂਟ ਰੋਕਣ ਲਈ ਕਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਹੈਰੀਟੇਜ ਸਟ੍ਰੀਟ ਪ੍ਰੀ-ਵੈਡਿੰਗ ਫੋਟੋਸ਼ੂਟ ਲਈ ਹੌਟਸਪੌਟ ਬਣ ਗਈ ਹੈ। ਇਸ ਇਤਿਹਾਸਕ ਇਲਾਕੇ 'ਚ ਹਰ ਰੋਜ਼ ਵਿਆਹ ਕਰਨ ਜਾ ਰਹੇ ਨਵੇਂ ਜੋੜਿਆਂ ਨੂੰ ਫੋਟੋਗ੍ਰਾਫਰ ਨਾਲ ਦੇਖਿਆ ਜਾ ਰਿਹਾ ਹੈ। ਸ਼ੂਟਿੰਗ ਆਮ ਤੌਰ 'ਤੇ ਸ਼ਰਧਾਲੂਆਂ ਦੀ ਭੀੜ ਤੋਂ ਬਚਣ ਲਈ ਸਵੇਰੇ ਤੜਕੇ ਕੀਤੀ ਜਾਂਦੀ ਹੈ। ਇਕ ਫੋਟੋਗ੍ਰਾਫਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਜੋੜੇ ਇਸ ਜਗ੍ਹਾ 'ਤੇ ਪ੍ਰੀ-ਵੈਡਿੰਗ ਸ਼ੂਟ ਕਰਵਾਉਣ ਲਈ ਜ਼ੋਰ ਪਾਉਂਦੇ ਹਨ, ਜਦਕਿ ਕਈ ਵਾਰ ਭੀੜ ਤੋਂ ਬਚਣ ਲਈ ਫੋਟੋਗ੍ਰਾਫਰ ਉਨ੍ਹਾਂ ਨੂੰ ਇੱਥੇ ਲੈ ਕੇ ਆਉਂਦੇ ਹਨ ਅਤੇ ਸਵੇਰੇ ਸ਼ੂਟ ਕਰਵਾਉਂਦੇ ਹਨ।
ਸੂਤਰਾਂ ਅਨੁਸਾਰ ਮਨਮੋਹਨ ਸਿੰਘ ਨਾਂ ਦੇ ਕਾਰਕੁਨ ਨੇ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਦੇ ਨਾਲ-ਨਾਲ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੂੰ ਇਨ੍ਹਾਂ ਪ੍ਰੀ-ਵੈਡਿੰਗ ਫੋਟੋਸ਼ੂਟ ’ਤੇ ਪੱਕੇ ਤੌਰ ’ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਪਹਿਲਾਂ ਹੀ ਇਹ ਮਾਮਲਾ ਅਧਿਕਾਰੀਆਂ ਕੋਲ ਉਠਾ ਚੁੱਕੀ ਹੈ। ਇਸ ਸਬੰਧੀ ਉਨ੍ਹਾਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ। ਇਹ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਸਥਾਪਿਤ ਇੱਕ ਪਵਿੱਤਰ ਸਥਾਨ ਅਤੇ ਅਧਿਆਤਮਿਕਤਾ ਦਾ ਕੇਂਦਰ ਹੈ। ਸ਼ਰਧਾਲੂ ਸ਼ਰਧਾ ਨਾਲ ਇਸ ਤੀਰਥ 'ਤੇ ਆਉਂਦੇ ਹਨ। ਪ੍ਰਸ਼ਾਸਨ ਨੂੰ ਇਸ ਨੂੰ ਸਮਝਣਾ ਚਾਹੀਦਾ ਹੈ ਅਤੇ ਇਸ ਘਟਨਾ ਨੂੰ ਰੋਕਣਾ ਚਾਹੀਦਾ ਹੈ।

