ਜਲੰਧਰ: ਸਨੈਚਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ 'ਚ ਪੁਲਸ ਨੇ ਦੋ ਬਦਨਾਮ ਸਨੈਚਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 5 ਚੋਰੀ ਦੇ ਮੋਟਰਸਾਈਕਲ ਅਤੇ ਇਕ ਮੋਬਾਇਲ ਫੋਨ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਲਾਡੋਵਾਲੀ ਰੋਡ ਇਲਾਕੇ 'ਚ ਸਨੈਚਰਰ ਸਰਗਰਮ ਹਨ | ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਲਾਡੋਵਾਲੀ ਰੋਡ ਤੋਂ ਇਕ ਲੁਟੇਰੇ ਨੂੰ ਕਾਬੂ ਕੀਤਾ ਗਿਆ, ਜਿਸ ਦੀ ਪਛਾਣ ਲਲਿਤ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਮੁਹੱਲਾ ਨੀਲੋਵਾਲ, ਬਿਲਗਾ ਜਲੰਧਰ ਵਜੋਂ ਹੋਈ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਉਸ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਅਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲਲਿਤ ਤੋਂ ਹੋਰ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਸ ਨੇ ਆਪਣੇ ਸਾਥੀਆਂ ਉਦੈ ਵਾਲੀਆ ਪੁੱਤਰ ਮੰਗਤ ਰਾਮ ਵਾਸੀ ਪਿੰਡ ਬਿਲਗਾ ਜਲੰਧਰ ਅਤੇ ਅਜੇ ਪੁੱਤਰ ਸ਼ਿੰਦਰਪਾਲ ਵਾਸੀ ਮੁਹੱਲਾ ਕਲੋਨੀ ਪਿੰਡ ਬਿਲਗਾ ਜਲੰਧਰ ਨਾਲ ਮਿਲ ਕੇ ਇਹ ਵਾਰਦਾਤਾਂ ਕੀਤੀਆਂ ਸਨ | . ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਪਾਰਟੀਆਂ ਨੇ 3 ਫਰਵਰੀ 2024 ਨੂੰ ਉਦੈ ਨੂੰ ਪਿੰਡ ਬਿਲਗਾ ਜਲੰਧਰ ਤੋਂ ਗਿ੍ਫ਼ਤਾਰ ਕਰ ਲਿਆ | ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਉਸ ਦੇ ਘਰੋਂ ਚਾਰ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਪੰਜ ਚੋਰੀਸ਼ੁਦਾ ਮੋਟਰਸਾਈਕਲ ਅਤੇ ਇੱਕ ਚੋਰੀ ਦਾ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਇਨ੍ਹਾਂ ਖਿਲਾਫ਼ ਥਾਣਾ ਨਿਊ ਬਾਰਾਦਰੀ, ਜਲੰਧਰ ਵਿਖੇ ਧਾਰਾ 379ਬੀ, 379,411 ਆਈ.ਪੀ.ਸੀ. ਤਹਿਤ ਮੁਕੱਦਮਾ ਨੰਬਰ 17 ਮਿਤੀ 02-02-2024 ਦਰਜ ਕੀਤਾ ਗਿਆ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਇਸ ਮਾਮਲੇ ਦੇ ਬਾਕੀ ਦੋਸ਼ੀਆਂ ਨੂੰ ਵੀ ਜਲਦ ਹੀ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।

