ਪੰਜਾਬ 'ਚ 26 ਜਨਵਰੀ ਨੂੰ ਲੈ ਕੇ ਪੰਜਾਬ ਪੁਲਸ ਅਲਰਟ 'ਤੇ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਲੁਧਿਆਣਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਡ ਸਟੇਡੀਅਮ ਵਿੱਚ ਪੁੱਜਣਗੇ, ਜਿੱਥੇ ਉਹ ਕੌਮੀ ਝੰਡਾ ਲਹਿਰਾਉਣਗੇ। ਇਸ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਖਾਸ ਕਰਕੇ ਖੁਫੀਆ ਏਜੰਸੀਆਂ ਅਤੇ ਪੰਜਾਬ ਪੁਲਸ ਨੇ ਪੰਜਾਬ ਭਰ 'ਚ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਹੈ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਖਾਸ ਕਰਕੇ ਪੰਜਾਬ ਪੁਲਿਸ ਵੱਲੋਂ ਪੀਏਯੂ ਨੇੜੇ ਨਾਕਾਬੰਦੀ ਕਰਕੇ ਹਰ ਆਉਣ-ਜਾਣ ਵਾਲੇ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਚੈਕਿੰਗ ਲਈ ਲੁਧਿਆਣਾ ਵਿੱਚ ਵਾਧੂ ਪੁਲਿਸ ਫੋਰਸ ਬੁਲਾ ਲਈ ਗਈ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ 26 ਜਨਵਰੀ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਏਡੀਜੀਪੀ ਅਰਪਿਤ ਸ਼ੁਕਲਾ ਵੱਲੋਂ ਲੋੜੀਂਦੀ ਫੋਰਸ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਖੁਫੀਆ ਏਜੰਸੀਆਂ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਸਾਡੇ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।


