ਜਲੰਧਰ : ਦੇਰ ਰਾਤ ਜਲੰਧਰ 'ਚ ਜ਼ਬਰਦਸਤ ਧਮਾਕਾ ਹੋਣ ਦੀ ਖਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਹੱਲਾ ਲਕਸ਼ਮੀਪੁਰਾ ਨੇੜੇ ਦੇਰ ਰਾਤ ਇੱਕ ਸ਼ਰਾਬੀ ਡਰਾਈਵਰ ਨੇ ਆਪਣੀ ਕਾਰ ਬਿਜਲੀ ਦੇ ਖੰਭੇ ਨਾਲ ਟਕਰਾ ਦਿੱਤੀ। ਇਸ ਦੌਰਾਨ ਜ਼ੋਰਦਾਰ ਧਮਾਕਾ ਹੋਇਆ ਅਤੇ ਪਿੱਲਰ ਟੁੱਟ ਕੇ ਕਿਸੇ ਦੇ ਘਰ 'ਤੇ ਡਿੱਗ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰਾ ਇਲਾਕਾ ਨੀਂਦ ਤੋਂ ਜਾਗ ਗਿਆ। ਲੋਕ ਨੀਂਦ ਤੋਂ ਜਾਗ ਕੇ ਘਰਾਂ ਤੋਂ ਬਾਹਰ ਆ ਗਏ ਤੇ ਘਟਨਾ ਵਾਲੀ ਥਾਂ 'ਤੇ ਇਲਾਕੇ ਦੇ ਲੋਕ ਇਕੱਠੇ ਹੋ ਗਏ। ਇਸ ਦੌਰਾਨ ਪੂਰੇ ਇਲਾਕੇ ਦੀ ਬਿਜਲੀ ਵੀ ਗੁੱਲ ਹੋ ਗਈ।
ਲੋਕਾਂ ਨੇ ਦੱਸਿਆ ਕਿ ਜਿਸ ਥਾਂ 'ਤੇ ਕਾਰ ਖੰਭੇ ਨਾਲ ਟਕਰਾ ਗਈ, ਉਥੇ ਸ਼ਰਾਬ ਦੀਆਂ ਬੋਤਲਾਂ ਵੀ ਪਈਆਂ ਸਨ। ਕਾਰ ਸਵਾਰ ਗੰਭੀਰ ਜ਼ਖ਼ਮੀ ਹੋ ਗਏ। ਜਦੋਂ ਦੋਵੇਂ ਕਾਰ 'ਚੋਂ ਬਾਹਰ ਨਿਕਲੇ ਤਾਂ ਨਸ਼ੇ 'ਚ ਸਨ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਨੰਬਰ-3 ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲੀਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਸੂਚਨਾ ਮਿਲੀ ਹੈ ਕਿ ਕਾਰ ਮਾਲਕ ਨੂੰ ਅੱਜ ਥਾਣੇ ਬੁਲਾਇਆ ਗਿਆ ਹੈ।

