ਪਟਿਆਲਾ : ਸਾਬਕਾ ਜ਼ਿਲਾ ਖੇਡ ਅਫਸਰ ਅਤੇ ਖੋ-ਖੋ ਦੇ ਖੇਤਰ ਦੀ ਪ੍ਰਸਿੱਧ ਸ਼ਖਸੀਅਤ ਉਪਕਾਰ ਸਿੰਘ ਵਿਰਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਵਿਕਟੋਰੀਆ ਸਕੂਲ ਪਟਿਆਲਾ ਦੀ ਸਾਬਕਾ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਪੁੱਤਰ ਸੁਖਮਨ ਸਿੰਘ ਵਿਰਕ (33 ਸਾਲ) ਦਾ ਓਨਟਾਰੀਓ, ਕੈਨੇਡਾ ਵਿੱਚ ਜਵਾਨੀ ਵਿੱਚ ਹੀ
ਦੇਹਾਂਤ ਹੋ ਗਿਆ।
ਸੁਖਮਨ ਸਿੰਘ ਆਪਣੇ ਘਰ ਤੋਂ ਕੰਮ 'ਤੇ ਜਾ ਰਿਹਾ ਸੀ ਤਾਂ ਘਰ ਤੋਂ ਕੁਝ ਦੂਰੀ 'ਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਸੁਖਮਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ 33 ਸਾਲਾ ਸੁਖਮਨ ਸਿੰਘ ਦੀ ਕੈਨੇਡੀਅਨ ਪਤਨੀ ਹਰਸ਼ਿਕਾ ਵਿਰਕ, ਆਸਟ੍ਰੇਲੀਆ ਰਹਿ ਰਹੀ ਭੈਣ ਮਨਕੀਰਤ ਕੌਰ ਵਿਰਕ ਅਤੇ ਢਾਈ ਸਾਲਾ ਪੁੱਤਰ ਜਹਾਨ ਸਿੰਘ ਵਿਰਕ ਪਟਿਆਲਾ ਪਹੁੰਚ ਚੁੱਕੇ ਹਨ।
ਉਪਕਾਰ ਸਿੰਘ ਵਿਰਕ ਨੇ ਦੱਸਿਆ ਕਿ ਸੁਖਮਨ ਸਿੰਘ ਦੀ ਮ੍ਰਿਤਕ ਦੇਹ ਅੱਜ ਕੈਨੇਡਾ ਤੋਂ ਪਟਿਆਲਾ ਪੁੱਜੀ ਹੈ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ 14 ਜਨਵਰੀ ਨੂੰ ਸਵੇਰੇ 10 ਵਜੇ ਘਲੌੜੀ ਗੇਟ ਸ਼ਮਸ਼ਾਨਘਾਟ (ਸਨੌਰੀ ਅੱਡਾ) ਵਿਖੇ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿੱਚ ਵਿਰਕ ਪਰਿਵਾਰ ਦੇ ਨਾਲ ਵਿਧਾਇਕ ਗੁਰਲਾਲ ਸਿੰਘ ਘਨੌਰ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਸਾਬਕਾ ਸ. ਐੱਸ. ਪੀ ਪ੍ਰਿਤਪਾਲ ਸਿੰਘ ਵਿਰਕ ਅਤੇ ਦਰਸ਼ਨ ਸਿੰਘ ਮਾਨ ਸਾਬਕਾ ਸ. ਈ.ਭੁਪਿੰਦਰ ਸਿੰਘ ਸੱਭਰਵਾਲ, ਚੰਡੀਗੜ੍ਹ ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕ ਡਾ: ਰਾਜ ਕੁਮਾਰ ਸ਼ਰਮਾ, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਜ਼ਿਲ੍ਹਾ ਖੇਡ ਕੋਆਰਡੀਨੇਟਰ ਦਲਜੀਤ ਸਿੰਘ ਗੁਰਾਇਆ, ਖੇਡ ਲੇਖਕ ਡਾ: ਸੁਖਦਰਸ਼ਨ ਸਿੰਘ ਚਾਹਲ ਅਤੇ ਖੇਡਾਂ ਅਤੇ ਸਿੱਖਿਆ ਦੇ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ |

