ਪਠਾਨਕੋਟ ਮੁੱਖ ਮਾਰਗ ’ਤੇ ਪਿੰਡ ਇਮਾਨ ਮਾਂਗਟ (ਮੁਕੇਰੀਆਂ) ਨੇੜੇ ਦੇਰ ਰਾਤ ਪੁਲੀਸ ਮੁਲਾਜ਼ਮਾਂ ਦੀ ਬੱਸ ਧੁੰਦ ਕਾਰਨ ਸੜਕ ’ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਦੌਰਾਨ ਹਾਦਸੇ ਵਿੱਚ ਗੁਰਦਾਸਪੁਰ ਦੇ ਦੋ ਪੁਲੀਸ ਮੁਲਾਜ਼ਮਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਮਹਿਲਾ ਕਾਂਸਟੇਬਲ ਸ਼ਾਲੂ ਰਾਣਾ ਵਾਸੀ ਨਿਊ ਲਿੱਤਰ ਕਲੋਨੀ ਅਤੇ ਬੱਸ ਡਰਾਈਵਰ ਗੁਰਪ੍ਰੀਤ ਸਿੰਘ ਗੋਪੀ ਵਾਸੀ ਅਮੀਪੁਰ ਸ਼ਾਮਲ ਹਨ।
ਗਣਤੰਤਰ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਗੁਰਦਾਸਪੁਰ ਏ.ਐਸ.ਆਈ. ਗੁਰਪ੍ਰੀਤ ਸਿੰਘ ਅਤੇ ਕਾਂਸਟੇਬਲ ਸ਼ਾਲੂ ਰਾਣਾ ਦੇ ਘਰ ਪੁੱਜੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਹੈ। ਜੋ ਸੜਕ ਹਾਦਸਾ ਵਾਪਰਿਆ ਉਹ ਬਹੁਤ ਭਿਆਨਕ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਹਮੇਸ਼ਾ ਵਚਨਬੱਧ ਹੈ।

