ਕਪੂਰਥਲਾ : ਕਪੂਰਥਲਾ 'ਚ ਤਾਇਨਾਤ ਡਿਪਟੀ ਕਮਿਸ਼ਨਰ ਕਰਨੈਲ ਸਿੰਘ ਨੂੰ ਲੈ ਕੇ ਅਹਿਮ ਖਬਰ ਆਈ ਹੈ। ਰਾਜ ਦੇ ਗ੍ਰਹਿ ਵਿਭਾਗ ਦੇ ਡੀ.ਸੀ. ਕਰਨੈਲ ਸਿੰਘ ਖਿਲਾਫ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਦੱਸ ਦੇਈਏ ਕਿ ਡੀ.ਸੀ. ਕਰਨੈਲ ਸਿੰਘ 'ਤੇ ਕਾਂਗਰਸੀ ਐਮ.ਐਲ.ਏ. ਰਾਣਾ ਗੁਰਜੀਤ ਦੇ ਸਹਿਯੋਗ ਨਾਲ ਐਨ.ਆਰ.ਆਈ. ਔਰਤ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼ ਲੱਗੇ ਹਨ।
ਉਕਤ ਮਾਮਲੇ ਸਬੰਧੀ ਸ਼ਿਕਾਇਤ ਐਨ.ਆਰ.ਆਈ. ਔਰਤ ਦੇ ਭਰਾ ਨੇ ਗ੍ਰਹਿ ਵਿਭਾਗ ਤੱਕ ਪਹੁੰਚ ਕੀਤੀ ਹੈ। ਜਾਣਕਾਰੀ ਮਿਲੀ ਹੈ ਕਿ ਰਿਪੋਰਟ ਵਿੱਚ ਡੀ.ਸੀ. ਨਾਲ ਹੀ ਐੱਸ.ਡੀ.ਐੱਮ. ਲਾਲ ਵਿਸ਼ਵਾਸ ਅਤੇ ਪਟਵਾਰੀ ਹਰਦੀਪ ਸਿੰਘ ਨੂੰ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ। ਔਰਤ ਦੇ ਭਰਾ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਸਬੂਤ ਹਨ ਜਿਸ ਵਿਚ ਐਮ.ਐਲ.ਏ. ਦੇ ਬੰਦਿਆਂ ਵੱਲੋਂ ਰਿਕਾਰਡ ਨਾਲ ਛੇੜਛਾੜ ਕੀਤੀ ਗਈ ਹੈ। ਜਦੋਂ ਕਿ ਡੀ.ਸੀ. ਕਰਨੈਲ ਸਿੰਘ ਦਾ ਕਹਿਣਾ ਹੈ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ।
ਮਾਮਲਾ ਇਹ ਹੈ ਕਿ ਰਾਮਜੀਤ ਸਿੰਘ ਆਹਲੂਵਾਲੀਆ ਉਰਫ ਟੀਨੂੰ ਵਾਸੀ ਜਲੰਧਰ ਜੀ.ਟੀ.ਬੀ. ਸਿਟੀ ਨੇ ਗ੍ਰਹਿ ਮੰਤਰਾਲੇ ਨੂੰ ਭੇਜੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਹਾਲ ਹੀ ਵਿੱਚ ਐਮ.ਐਲ.ਏ. ਰਾਣਾ ਗੁਰਜੀਤ ਸਿੰਘ ਨੇ ਚਾਰਦੀਵਾਰੀ ਬਣਾਉਣੀ ਸ਼ੁਰੂ ਕਰ ਦਿੱਤੀ। ਪਰ ਉਹ ਜ਼ਮੀਨ ਉਨ੍ਹਾਂ ਦੀ ਭੈਣ ਦੇ ਨਾਂ 'ਤੇ ਹੈ ਜਿਸ ਦਾ ਖਸਰਾ ਨੰਬਰ 4915/4 ਹੈ, ਜਦਕਿ ਰਾਣਾ ਗੁਰਜੀਤ ਸਿੰਘ ਦੀ ਪਤਨੀ ਦੀ ਜ਼ਮੀਨ ਦਾ ਖਸਰਾ ਨੰਬਰ 4915/1 ਹੈ। ਇਸ ਦਾ ਕਬਜ਼ਾ ਵੀ ਉਨ੍ਹਾਂ ਕੋਲ ਹੈ।

