ਮਾਛੀਵਾੜਾ ਤੋਂ ਦੁਖਦਾਈ ਖ਼ਬਰ ਆਈ ਹੈ, ਜਿੱਥੇ ਕੁਹਾੜਾ ਰੋਡ ’ਤੇ ਵਾਪਰੇ ਸੜਕ ਹਾਦਸੇ ਵਿੱਚ ਆਪਣੇ ਦਾਦੇ ਨਾਲ ਸਕੂਲ ਤੋਂ ਵਾਪਸ ਆ ਰਹੀ ਪੋਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਦੇ ਮੇਨ ਬਜ਼ਾਰ 'ਚ ਦਰਜ਼ੀ ਦਾ ਕੰਮ ਕਰਨ ਵਾਲਾ ਵਿਜੇ ਕੁਮਾਰ ਛੁੱਟੀਆਂ ਤੋਂ ਬਾਅਦ 5ਵੀਂ ਜਮਾਤ 'ਚ ਪੜ੍ਹਦੀ ਆਪਣੀ ਪੋਤੀ ਜ਼ੋਆ ਬੈਂਸ (11) ਨੂੰ ਲੈਣ ਲਈ ਕੁਹਾੜਾ ਰੋਡ 'ਤੇ ਸਥਿਤ ਇਕ ਨਿੱਜੀ ਸਕੂਲ 'ਚ ਗਿਆ ਸੀ | .
ਵਿਜੇ ਕੁਮਾਰ ਆਪਣੀ ਪੋਤੀ ਨਾਲ ਮੋਟਰਸਾਈਕਲ 'ਤੇ ਸਕੂਲ ਤੋਂ ਘਰ ਪਰਤ ਰਿਹਾ ਸੀ ਤਾਂ ਸਟੇਡੀਅਮ ਨੇੜੇ ਉਸ ਦਾ ਮੋਟਰਸਾਈਕਲ ਤੂੜੀ ਨਾਲ ਭਰੀ ਟਰਾਲੀ ਨਾਲ ਟਕਰਾ ਗਿਆ, ਜਿਸ ਕਾਰਨ ਉਹ ਦੋਵੇਂ ਸੜਕ 'ਤੇ ਡਿੱਗ ਗਏ। ਇਸੇ ਦੌਰਾਨ ਪਿੱਛੇ ਤੋਂ ਆ ਰਿਹਾ ਇੱਕ ਟਿੱਪਰ ਸੜਕ 'ਤੇ ਡਿੱਗੀ ਮਾਸੂਮ ਬੱਚੀ ਜ਼ੋਇਆ ਬੈਂਸ ਦੇ ਉੱਪਰ ਜਾ ਵੱਜਿਆ, ਜਿਸ ਕਾਰਨ ਟਾਇਰ ਉਸ ਦੇ ਸਿਰ ਤੋਂ ਲੰਘ ਗਿਆ। ਲੜਕੀ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਹਾਦਸੇ ਵਿੱਚ ਮ੍ਰਿਤਕ ਜ਼ੋਇਆ ਬੈਂਸ ਦੇ ਦਾਦਾ ਵਿਜੇ ਕੁਮਾਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਲੜਕੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਲੜਕੀ ਜ਼ੋਆ ਬੈਂਸ ਸਮਾਜ ਸੇਵੀ ਰੇਨੂੰ ਬੈਂਸ ਦੀ ਪੋਤੀ ਸੀ ਅਤੇ ਇਸ ਦੌਰਾਨ ਪਰਿਵਾਰ ਸਮੇਤ ਵੱਡੀ ਗਿਣਤੀ 'ਚ ਲੋਕ ਹਸਪਤਾਲ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ। ਹਾਦਸੇ ਦਾ ਕਾਰਨ ਬਣੇ ਟਿੱਪਰ ਅਤੇ ਟਰਾਲੀ ਨੂੰ ਵੀ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

