ਅਜਨਾਲਾ : ਅਜਨਾਲਾ ਪੁਲਸ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ SSP ਸਤਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਣ ਲਈ 15 ਟਰੱਕ ਅਤੇ 2 ਜੇ.ਸੀ.ਬੀ. ਮਸ਼ੀਨਾਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ।
ਇਸ ਸਬੰਧੀ ਥਾਣਾ ਅਜਨਾਲਾ ਦੇ ਮੁੱਖ ਅਫਸਰ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਮਹੀਨੇ ਦੌਰਾਨ 3 ਦੋਸ਼ੀਆਂ ਖਿਲਾਫ 5 ਮੁਕੱਦਮੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚ 2 ਮਹਿੰਦਰਾ ਬਲੇਰੋ ਗੱਡੀਆਂ, 2 ਟਿੱਪਰ, ਇਕ ਪੋਕਲੋਨ ਮਸ਼ੀਨ ਅਤੇ 6 ਸੌ ਦੇ ਕਰੀਬ ਨਜਾਇਜ਼ ਰੇਤ ਬਰਾਮਦ ਕੀਤੀ ਗਈ ਹੈ। ਰਮਨਦੀਪ ਸਿੰਘ ਮਾਈਨਿੰਗ ਅਫ਼ਸਰ ਨੇ ਪੱਤਰ ਰਾਹੀਂ ਦੱਸਿਆ ਕਿ ਸਰਹੱਦੀ ਪਿੰਡ ਸਾਹੋਵਾਲ ਵਿਖੇ 15 ਟਰੱਕ (ਟਿੱਪਰ) ਅਤੇ ਦੋ ਜੇ.ਸੀ.ਬੀ. ਮਸ਼ੀਨਾਂ ਤੋਂ ਇਲਾਵਾ 10 ਤੋਂ 14 ਫੁੱਟ ਤੱਕ ਮਿੱਟੀ ਦੀ ਨਾਜਾਇਜ਼ ਮਾਈਨਿੰਗ ਕੀਤੀ ਗਈ ਹੈ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਕੇ ਜਾਂਚ ਦੌਰਾਨ 15 ਟਰੱਕ, 2 ਜੇ.ਸੀ.ਬੀ. ਮਸ਼ੀਨ ਤੋਂ ਇਲਾਵਾ ਜਗਤਾਰ ਸਿੰਘ, ਗੁਰਸੇਵਕ ਸਿੰਘ ਅਤੇ ਸ਼ਮਸ਼ੇਰ ਸਿੰਘ ਨੂੰ ਕਾਬੂ ਕਰ ਲਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

