ਭਾਰਤ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ (NCAP ਜਾਂ BNCAP) ਨੇ ਪਹਿਲੇ ਕਰੈਸ਼ ਟੈਸਟ ਦੇ ਨਤੀਜੇ ਘੋਸ਼ਿਤ ਕੀਤੇ ਹਨ। ਇਸ 'ਚ ਟਾਟਾ ਹੈਰੀਅਰ ਅਤੇ ਸਫਾਰੀ ਦੋਵਾਂ ਨੂੰ 5-ਸਟਾਰ ਰੇਟਿੰਗ ਮਿਲੀ ਹੈ। ਭਾਰਤੀ ਏਜੰਸੀ 15 ਦਸੰਬਰ ਤੋਂ ਦੋਵਾਂ ਕਾਰਾਂ ਦਾ ਕਰੈਸ਼ ਟੈਸਟ ਕਰ ਰਹੀ ਸੀ।
ਹੈਰੀਅਰ ਅਤੇ ਸਫਾਰੀ ਦੋਵਾਂ ਨੇ ਅਡਲਟ ਆਕੂਪੈਂਟ ਪ੍ਰੋਟੈਕਸ਼ਨ (AOP) ਲਈ 32 ਵਿੱਚੋਂ 30.08 ਅੰਕ ਅਤੇ ਚਾਈਲਡ ਆਕੂਪੈਂਟ ਪ੍ਰੋਟੈਕਸ਼ਨ (COP) ਲਈ 49 ਵਿੱਚੋਂ 44.54 ਅੰਕ ਪ੍ਰਾਪਤ ਕੀਤੇ।
ਜਦਕਿ SUV ਨੇ ਸਾਈਡ ਮੂਵੇਬਲ ਡੀਫਾਰਮੇਬਲ ਬੈਰੀਅਰ ਟੈਸਟ 'ਚ 16 'ਚੋਂ 16 ਅੰਕ ਹਾਸਲ ਕੀਤੇ। ਇਸ ਦੇ ਨਾਲ ਹੀ, ਫਰੰਟ ਆਫਸੈੱਟ ਡੀਫਾਰਮੇਬਲ ਬੈਰੀਅਰ ਟੈਸਟ ਵਿੱਚ, ਇਸਨੇ ਛਾਤੀ ਦੇ ਖੇਤਰ ਦੀ ਸੁਰੱਖਿਆ ਲਈ ਘੱਟ ਸਕੋਰ ਕੀਤਾ ਅਤੇ 16 ਵਿੱਚੋਂ 14.08 ਅੰਕ ਪ੍ਰਾਪਤ ਕੀਤੇ।
ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਟਾਟਾ ਮੋਟਰਜ਼ ਪੈਸੇਂਜਰ ਵਹੀਕਲਜ਼ ਲਿਮਟਿਡ ਅਤੇ ਟਾਟਾ ਪੈਸੇਂਜਰ ਇਲੈਕਟ੍ਰਿਕ ਮੋਬਿਲਿਟੀ ਲਿਮਟਿਡ ਦੇ ਐਮਡੀ ਸ਼ੈਲੇਸ਼ ਚੰਦਰਾ ਨੂੰ BNCAP ਸਰਟੀਫਿਕੇਟ ਸੌਂਪਿਆ। ਖਾਸ ਗੱਲ ਇਹ ਹੈ ਕਿ ਗਲੋਬਲ NCAP ਦੇ ਕਰੈਸ਼ ਟੈਸਟ 'ਚ ਇਨ੍ਹਾਂ ਦੋਵਾਂ SUV ਨੂੰ 5-ਸਟਾਰ ਰੇਟਿੰਗ ਮਿਲੀ ਹੈ।
ਹੁਣ ਤੱਕ ਵਾਹਨ ਨਿਰਮਾਤਾ ਕੰਪਨੀਆਂ ਟੈਸਟਿੰਗ ਲਈ ਕਾਰਾਂ ਦੇ 3 ਦਰਜਨ ਤੋਂ ਵੱਧ ਮਾਡਲਾਂ ਨੂੰ ਰਜਿਸਟਰ ਕਰ ਚੁੱਕੀਆਂ ਹਨ। ਟਾਟਾ ਮੋਟਰਜ਼, ਮਾਰੂਤੀ ਸੁਜ਼ੂਕੀ, ਹੁੰਡਈ ਅਤੇ ਮਹਿੰਦਰਾ ਐਂਡ ਮਹਿੰਦਰਾ ਵਰਗੀਆਂ ਕੰਪਨੀਆਂ ਕਰੈਸ਼ ਟੈਸਟਾਂ ਦੇ ਪਹਿਲੇ ਬੈਚ ਵਿੱਚ ਹਿੱਸਾ ਲੈਣਗੀਆਂ। ਇਨ੍ਹਾਂ ਵਿੱਚੋਂ ਟਾਟਾ ਮੋਟਰਜ਼ ਆਪਣੇ ਮਾਡਲਾਂ ਨੂੰ ਰਜਿਸਟਰ ਕਰਨ ਵਾਲੀ ਪਹਿਲੀ ਕੰਪਨੀ ਹੈ। ਦੂਜੇ ਪਾਸੇ ਰੇਨੋ, ਸਕੋਡਾ ਅਤੇ ਵੋਲਕਸਵੈਗਨ ਵਰਗੀਆਂ ਯੂਰਪੀਅਨ ਕੰਪਨੀਆਂ ਨੇ ਅਜੇ ਤੱਕ ਆਪਣੀਆਂ ਕਾਰਾਂ ਨੂੰ ਰਜਿਸਟਰ ਕਰਨ ਦਾ ਫੈਸਲਾ ਨਹੀਂ ਕੀਤਾ ਹੈ।
ਇਸ ਤੋਂ ਪਹਿਲਾਂ, ਵਿਦੇਸ਼ੀ ਏਜੰਸੀਆਂ ਗਲੋਬਲ NCAP (GNCAP), ਯੂਰੋ NCAP (UNCAP), ਆਸਟ੍ਰੇਲੀਅਨ NCAP (ANCAP) ਅਤੇ ਲੈਟਿਨ NCAP (LNCAP) ਭਾਰਤੀ ਕਾਰਾਂ ਨੂੰ ਉਨ੍ਹਾਂ ਦੇ ਮਿਆਰਾਂ ਅਨੁਸਾਰ ਟੈਸਟ ਕਰਦੀਆਂ ਸਨ ਅਤੇ ਉਨ੍ਹਾਂ ਨੂੰ ਸੁਰੱਖਿਆ ਰੇਟਿੰਗ ਦਿੰਦੀਆਂ ਸਨ। ਕਈ ਤਰੀਕਿਆਂ ਨਾਲ ਇਹ ਰੇਟਿੰਗ ਭਾਰਤੀ ਹਾਲਾਤਾਂ ਦੇ ਅਨੁਕੂਲ ਨਹੀਂ ਹੈ, ਇਸ ਲਈ ਕੇਂਦਰ ਸਰਕਾਰ ਨੇ ਆਪਣੀ ਰੇਟਿੰਗ ਪ੍ਰਣਾਲੀ BNCAP ਸ਼ੁਰੂ ਕੀਤੀ ਹੈ।

