ਪੰਜਾਬ ਦੇ ਪਟਿਆਲਾ 'ਚ ਸ਼੍ਰੀ ਕਾਲੀ ਦੇਵੀ ਮੰਦਰ ਦੀ ਗਰਿੱਲ ਤੋਂ ਛਾਲ ਮਾਰ ਕੇ ਮੂਰਤੀ ਨੂੰ ਛੂਹਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਮੰਦਰ ਦੇ ਸੇਵਾਦਾਰਾਂ ਨੇ ਕਾਬੂ ਕਰ ਲਿਆ ਹੈ। ਮਨਜੀਤ ਸਿੰਘ ਨਾਂ ਦਾ ਇਹ ਵਿਅਕਤੀ ਪਟਿਆਲਾ ਦਾ ਰਹਿਣ ਵਾਲਾ ਹੈ, ਜਿਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ SSP ਪਟਿਆਲਾ ਵਰੁਣ ਸ਼ਰਮਾ, SP ਸਿਟੀ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ। ਫਿਲਹਾਲ ਪੁਲਿਸ ਨੂੰ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਸੇਵਾਦਾਰਾਂ ਅਨੁਸਾਰ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸ਼ਰਧਾਲੂ ਮਾਤਾ ਦੇ ਮੰਦਰ ਵਿੱਚ ਮੱਥਾ ਟੇਕ ਰਹੇ ਸਨ। ਇਸ ਦੌਰਾਨ ਇਕ ਵਿਅਕਤੀ ਅਚਾਨਕ ਮਾਤਾ ਦੀ ਮੂਰਤੀ ਵੱਲ ਵਧਿਆ ਅਤੇ ਉਸ ਨੂੰ ਛੂਹਣ ਦੀ ਕੋਸ਼ਿਸ਼ ਕੀਤੀ। ਡਿਊਟੀ 'ਤੇ ਮੌਜੂਦ ਸੇਵਾਦਾਰਾਂ ਨੇ ਉਸ ਨੂੰ ਕਾਬੂ ਕੀਤਾ ਅਤੇ ਮੰਦਰ ਪ੍ਰਬੰਧਕ ਕਮੇਟੀ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ SSP ਵਰੁਣ ਸ਼ਰਮਾ ਅਤੇ SDM ਇਸ਼ਮੀਤ ਵਿਜੇ ਸਿੰਘ ਮੌਕੇ ’ਤੇ ਪੁੱਜੇ।
SSP ਵਰੁਣ ਸ਼ਰਮਾ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਖ਼ੁਦ ਪਟਿਆਲਾ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜੇ ਸਨ। ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖੀ ਜਾਵੇਗੀ।

