ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਕਸਬੇ ਲੰਬੀ ਦੇ ਪਿੰਡ ਧੌਲਾ ਵਿੱਚ ਇੱਕ ਵਿਅਕਤੀ ਨੇ ਆਪਣੇ ਭਰਾ ਨਾਲ ਮਿਲ ਕੇ ਆਪਣੇ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜਦੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਤਾਂ ਮਨਜੋਤ (19) ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਮਾਮਲੇ ਵਿੱਚ ਮੁਕਤਸਰ ਪੁਲਿਸ ਨੇ ਮ੍ਰਿਤਕਾ ਦੀ ਮਾਤਾ ਪੁਸ਼ਪਿੰਦਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਪਿਤਾ ਸ਼ਿਵਰਾਜ ਸਿੰਘ ਅਤੇ ਚਾਚਾ ਰੇਸ਼ਮ ਸਿੰਘ ਖ਼ਿਲਾਫ਼ ਕਤਲ, ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਫਿਰ ਮਨਜੋਤ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੌਜਵਾਨ ਨੂੰ ਰਿਵਾਲਵਰ ਨਾਲ ਗੋਲੀ ਮਾਰੀ ਗਈ ਸੀ, ਜਿਸ ਦਾ ਲਾਇਸੈਂਸ ਸੀ।
ਮਾਂ ਨੇ ਪੁਲਿਸ ਨੂੰ ਦੱਸਿਆ ਕਿ ਮਨਜੋਤ ਆਪਣੇ ਪਿਤਾ ਨੂੰ ਉਸ ਨੂੰ ਛੱਡਣ ਲਈ ਤਰਲੇ ਕਰਦਾ ਰਿਹਾ ਪਰ ਪਿਤਾ ਨੇ ਇਕ ਨਹੀਂ ਸੁਣੀ ਅਤੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦਾ ਅੱਜ ਸਰਕਾਰੀ ਹਸਪਤਾਲ ਗਿੱਦੜਬਾਹਾ ਵਿਖੇ ਪੋਸਟਮਾਰਟਮ ਕਰਵਾਇਆ ਗਿਆ। ਪਰਿਵਾਰ ਵੱਲੋਂ ਲਾਸ਼ ਮਿਲਣ ਤੋਂ ਬਾਅਦ ਅੱਜ ਮਨਜੋਤ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੂੰ ਸ਼ੱਕ ਸੀ ਕਿ ਮਨਜੋਤ ਸਿੰਘ ਉਸ ਦਾ ਬੱਚਾ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਨਜੋਤ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਜਿਸ ਨੇ 10 ਦਸੰਬਰ ਨੂੰ ਕੈਨੇਡਾ ਦੇ ਸਟੱਡੀ ਵੀਜ਼ੇ 'ਤੇ ਜਾਣਾ ਸੀ। ਪਰ ਇਸ ਤੋਂ ਪਹਿਲਾਂ ਉਸ ਦੇ ਪਿਤਾ ਨੇ ਹੀ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਲਦ ਹੀ ਮੁਲਜ਼ਮਾਂ ਨੂੰ ਪੁਲਿਸ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰੇਗੀ।

