ਸਮਰਾਲਾ ਦੇ ਪਿੰਡ ਹੇਡੋ ਭੱਠਾ ਮਾਲਕ ਨੇ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਬਦਮਾਸ਼ੀ ਕੀਤੀ। ਬੰਧੂਆ ਮਜ਼ਦੂਰਾਂ ਨੂੰ ਰਿਹਾਅ ਕਰਨ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਮਜ਼ਦੂਰਾਂ ਦੀ ਕੁੱਟਮਾਰ ਕੀਤੀ ਗਈ
ਸਮਰਾਲਾ ਦੇ ਪਿੰਡ ਹੇਡੋਂ ਵਿਖੇ ਇੱਕ ਭੱਠਾ ਮਾਲਕ ਨੇ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਬਦਮਾਸ਼ੀ ਕੀਤੀ। ਬੰਧੂਆ ਮਜ਼ਦੂਰਾਂ ਨੂੰ ਰਿਹਾਅ ਕਰਨ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਮਜ਼ਦੂਰਾਂ ਦੀ ਕੁੱਟਮਾਰ ਕੀਤੀ ਗਈ। ਇੱਥੋਂ ਤੱਕ ਕਿ ਡੀ.ਸੀ ਅਤੇ ਹੋਰ ਅਧਿਕਾਰੀਆਂ ਨੂੰ ਅਪਸ਼ਬਦ ਬੋਲੇ ਗਏ। ਪੁਲਿਸ ਨੇ ਭੱਠਾ ਮਾਲਕ ਰਮੇਸ਼ ਕੁਮਾਰ ਖੁੱਲਰ ਖ਼ਿਲਾਫ਼ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਸਮਰਾਲਾ ਦੇ ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਲੁਧਿਆਣਾ ਦੇ ਡੀਸੀ ਨੂੰ ਸ਼ਿਕਾਇਤ ਮਿਲੀ ਸੀ ਕਿ ਹੇਡੋਂ ਦੇ ਆਰ.ਕੇ ਭੱਠੇ ਉਪਰ ਮਜ਼ਦੂਰਾਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਹੈ। ਇਸ ਸ਼ਿਕਾਇਤ ਦੀ ਜਾਂਚ ਲਈ ਉਹਨਾਂ ਨੂੰ ਮੌਕੇ 'ਤੇ ਭੇਜਿਆ ਗਿਆ ਸੀ। ਜਿਵੇਂ ਹੀ ਉਹ ਭੱਠੇ 'ਤੇ ਗਏ ਤਾਂ ਭੱਠਾ ਮਾਲਕ ਰਮੇਸ਼ ਖੁੱਲਰ ਨੇ ਡੀਸੀ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ ਉਨ੍ਹਾਂ ਨੂੰ ਮੰਦਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਸਾਹਮਣੇ ਹੀ ਮਜ਼ਦੂਰਾਂ ਦੀ ਕੁੱਟਮਾਰ ਕੀਤੀ ਗਈ। ਅਫਸਰਸ਼ਾਹੀ ਨਾਲ ਦੁਰਵਿਵਹਾਰ ਕੀਤਾ ਗਿਆ। ਜਿਸ ਕਾਰਨ ਉਹਨਾਂ ਨੇ ਸਾਰਾ ਮਾਮਲਾ ਐਸ ਡੀ ਐਮ ਰਾਹੀਂ ਡੀਸੀ ਦੇ ਧਿਆਨ ਵਿੱਚ ਲਿਆਂਦਾ। ਇਸਤੋਂ ਬਾਅਦ ਐਸਐਸਪੀ ਖੰਨਾ ਨੂੰ ਸੂਚਿਤ ਕੀਤਾ ਗਿਆ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਕਾਰਵਾਈ ਕੀਤੀ ਗਈ। ਇਸ ਦੌਰਾਨ 18 ਮਜ਼ਦੂਰਾਂ ਨੂੰ ਰਿਹਾਅ ਕਰਾਇਆ ਗਿਆ। ਭੱਠੇ ਤੋਂ ਰਿਹਾਅ ਹੋਏ ਮਜ਼ਦੂਰਾਂ ਨੇ ਆਪਣੀ ਹੱਡਬੀਤੀ ਦੱਸੀ। ਉਹਨਾਂ ਨੇ ਦੱਸਿਆ ਕਿ ਜਦੋਂ ਉਹ ਭੱਠੇ ’ਤੇ ਕੰਮ ਦੇ ਬਦਲੇ ਪੈਸੇ ਮੰਗਦੇ ਸੀ ਤਾਂ ਮਾਲਕ ਕੁੱਟਮਾਰ ਕਰਦਾ ਸੀ। ਖਾਣ ਲਈ ਕੁਝ ਨਹੀਂ ਦਿੱਤਾ ਜਾਂਦਾ ਸੀ। ਕਈ ਦਿਨ ਬੰਦੀ ਬਣਾ ਕੇ ਰੱਖਿਆ ਗਿਆ। ਉਹਨਾਂ ਨੂੰ ਕਿਤੇ ਵੀ ਨਹੀਂ ਜਾਣ ਦਿੱਤਾ ਗਿਆ। ਅਜੇ ਤੱਕ ਉਨ੍ਹਾਂ ਨੂੰ ਮਿਹਨਤ ਦਾ ਮੁੱਲ ਨਹੀਂ ਮਿਲਿਆ। ਮਜ਼ਦੂਰਾਂ ਨੇ ਭੱਠਾ ਮਾਲਕ ਤੋਂ ਉਨ੍ਹਾਂ ਦੀ ਮਿਹਨਤ ਦਾ ਭੁਗਤਾਨ ਕਰਨ ਦੀ ਮੰਗ ਵੀ ਕੀਤੀ।
