ਲੁਧਿਆਣਾ 'ਚ ਪੁਲਿਸ ਨੇ ਲਿਫਟ ਮੰਗ ਕੇ ਲੋਕਾਂ ਨੂੰ ਫਸਾਉਣ ਵਾਲੀ 'ਡਾਕੂ ਹਸੀਨਾ' ਨੂੰ ਕੀਤਾ ਕਾਬੂ। ਉਕਤ ਔਰਤ ਨੇ ਹਾਲ ਹੀ 'ਚ ਬੈਂਕ ਕਰਮਚਾਰੀ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਔਰਤ ਨੇ ਪਹਿਲਾਂ ਉਸ ਤੋਂ ਲਿਫਟ ਮੰਗੀ। ਕਾਰ 'ਚ ਬੈਠਣ ਤੋਂ ਬਾਅਦ ਉਸ ਨੇ ਉਕਤ ਵਿਅਕਤੀ ਨਾਲ ਅਸ਼ਲੀਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਕਤ ਵਿਅਕਤੀ ਉਸ ਦੇ ਚੁੰਗਲ 'ਚ ਨਾ ਫਸਿਆ ਤਾਂ ਉਸ ਨੇ ਵਿਅਕਤੀ ਦੇ ਪੇਟ 'ਤੇ ਚਾਕੂ ਰੱਖ ਦਿੱਤਾ।
ਔਰਤ ਨੇ ਉਸ ਕੋਲੋਂ ਸੋਨੇ ਦੀ ਚੇਨ, ਬਰੇਸਲੇਟ ਅਤੇ 7 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ। ਔਰਤ ਨੇ ਪੀੜਤ ਨੂੰ ਕਿਹਾ ਕਿ 'ਮੇਰੇ ਦੋਸਤ ਕਾਰ ਵਿੱਚ ਪਿੱਛੇ ਆ ਰਹੇ ਹਨ, ਜੇਕਰ ਤੂੰ ਨਕਦੀ ਅਤੇ ਸੋਨਾ ਨਾ ਦਿੱਤਾ ਤਾਂ ਉਹ ਤੈਨੂੰ ਕਾਰ ਵਿਚ ਹੀ ਮਾਰ ਦੇਣਗੇ।' ਇਸ ਤੋਂ ਬਾਅਦ ਔਰਤ ਸੋਨਾ ਅਤੇ ਨਕਦੀ ਲੈ ਕੇ ਫਰਾਰ ਹੋ ਗਈ। ਇਸ ਘਟਨਾ ਤੋਂ ਬਾਅਦ ਪੀੜਤ ਤੁਰੰਤ ਸਲੇਮ ਟਾਬਰੀ ਥਾਣੇ ਪਹੁੰਚਿਆ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਲੁਧਿਆਣਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

