ਲੁਧਿਆਣਾ ਦੇ ਕੱਪੜਾ ਕਾਰੋਬਾਰੀ ਸੰਭਵ ਜੈਨ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਵਾਲੇ ਦੋ ਬਦਮਾਸ਼ਾਂ ਨੂੰ 13ਵੇਂ ਦਿਨ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਦੋਰਾਹਾ 'ਚ ਬੁੱਧਵਾਰ ਰਾਤ ਨੂੰ ਬਦਮਾਸ਼ਾਂ ਦਾ ਲੁਧਿਆਣਾ ਪੁਲਿਸ ਨਾਲ ਮੁਕਾਬਲਾ ਹੋਇਆ। ਜਿਸ ਵਿੱਚ ਗੈਂਗਸਟਰ ਸੰਜੀਵ ਉਰਫ ਸੰਜੂ ਬਾਹਮਣ ਅਤੇ ਸ਼ੁਭਮ ਉਰਫ ਗੋਪੀ ਮਾਰਿਆ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਪਹਿਲਾਂ ਹੀ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਲੁਧਿਆਣਾ ਕਮਿਸ਼ਨਰ ਕੁਲਦੀਪ ਚਾਹਲ ਨੇ ਇੱਕ ਇੰਟਰਵਿਊ ਵਿੱਚ ਇਸ ਮਾਮਲੇ ਬਾਰੇ ਦਸਿਆ ਕਿ, 'ਸੰਜੂ ਬਾਹਮਣ ਦਾ ਆਪਣਾ ਗੈਂਗ ਹੈ। ਗੋਪੀ ਉਸ ਦੇ ਨੇੜੇ ਸੀ। ਸੰਜੂ ਇੱਕ ਕਾਰੋਬਾਰੀ ਨੂੰ ਅਗਵਾ ਕਰਕੇ ਫਿਰੌਤੀ ਦੇ ਇਸ ਮਾਮਲੇ ਦਾ ਮਾਸਟਰਮਾਈਂਡ ਸੀ। ਜਿਸ ਦਿਨ ਕਾਰੋਬਾਰੀ ਨੂੰ ਅਗਵਾ ਕੀਤਾ ਗਿਆ ਸੀ, ਸੰਜੂ ਨੇ ਉਸ ਨੂੰ ਗੋਲੀ ਮਾਰ ਦਿੱਤੀ ਸੀ। ਦੋਵਾਂ ਦਾ 2016 ਤੋਂ ਅਪਰਾਧਿਕ ਰਿਕਾਰਡ ਹੈ। ਇਨ੍ਹਾਂ ਖ਼ਿਲਾਫ਼ ਲੁੱਟ-ਖੋਹ ਦੇ ਕਈ ਮਾਮਲੇ ਦਰਜ ਹਨ। ਕਾਰੋਬਾਰੀ ਸੰਭਵ ਜੈਨ ਦਾ ਮਾਮਲਾ ਬਹੁਤ ਵੱਡਾ ਸੀ। ਕਾਰੋਬਾਰੀਆਂ ਦੇ ਵੀ ਲਗਾਤਾਰ ਫੋਨ ਆ ਰਹੇ ਸਨ। ਲੁਧਿਆਣਾ ਪੁਲਿਸ ਹਰ ਸੰਭਵ ਤਰੀਕੇ ਨਾਲ ਮਾਮਲੇ ਨੂੰ ਟਰੇਸ ਕਰਨ ਵਿੱਚ ਲੱਗੀ ਹੋਈ ਸੀ। ਸਾਨੂੰ ਹਿਊਮਨ ਇੰਟੈਲੀਜੈਂਸ ਰਾਹੀਂ ਉਨ੍ਹਾਂ ਬਾਰੇ ਪਤਾ ਲੱਗਾ। ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਇਹ ਦੋਵੇਂ ਲੁਧਿਆਣਾ ਵਿੱਚ ਹਨ ਤਾਂ ਉਨ੍ਹਾਂ ਨੂੰ ਫੜਨ ਲਈ ਇੱਕ ਟੀਮ ਭੇਜੀ ਗਈ। ਟੀਮ ਐਕਟਿਵਾ 'ਤੇ ਸਫਰ ਕਰ ਰਹੇ ਇਨ੍ਹਾਂ ਦੋ ਬਦਮਾਸ਼ਾਂ ਦੇ ਪਿੱਛੇ ਗਈ।
'ਸੰਜੂ ਬਾਹਮਣ ਅਤੇ ਸ਼ੁਭਮ ਗੋਪੀ ਨੇ ਮਹਿਸੂਸ ਕੀਤਾ ਕਿ ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ। ਉਨ੍ਹਾਂ ਕੋਲ ਆਟੋਮੈਟਿਕ ਹਥਿਆਰ ਸਨ। ਉਨ੍ਹਾਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਜਵਾਬ ਵਿੱਚ ਪੁਲਿਸ ਟੀਮ ਨੇ ਵੀ ਗੋਲੀਆਂ ਚਲਾਈਆਂ। ਜਿਸ 'ਚ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।'
ਦੱਸ ਦਈਏ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਖੁਦ ਵੀ ਕਿਸੇ ਐਨਕਾਊਂਟਰ ਸਪੈਸ਼ਲਿਸਟ ਤੋਂ ਘੱਟ ਨਹੀਂ ਹਨ। 2012 ਵਿੱਚ ਜਦੋਂ ਉਹ ਬਠਿੰਡਾ ਵਿੱਚ ਏਐਸਪੀ ਵਜੋਂ ਤਾਇਨਾਤ ਸੀ ਤਾਂ ਉਹਨਾਂ ਦਾ ਸਾਹਮਣਾ ਬਦਨਾਮ ਗੈਂਗਸਟਰ ਸ਼ੇਰਾ ਖੁੱਬਣ ਨਾਲ ਹੋਇਆ ਸੀ। ਇਹ ਵੀ ਪੂਰੀ ਪਲੈਨਿੰਗ ਨਾਲ ਕੀਤਾ ਗਿਆ। ਚਾਹਲ ਨੂੰ ਸੋਸ਼ਲ ਮੀਡੀਆ ਰਾਹੀਂ ਗੈਂਗਸਟਰਾਂ ਵੱਲੋਂ ਧਮਕੀਆਂ ਵੀ ਮਿਲੀਆਂ ਸਨ। ਜਿਸ ਤੋਂ ਬਾਅਦ ਉਸ ਨੂੰ ਇਕ ਵਿਸ਼ੇਸ਼ ਬੁਲੇਟ ਪਰੂਫ ਗੱਡੀ ਮਿਲੀ। ਚਾਹਲ ਇਹ ਕਾਰ ਪ੍ਰਾਪਤ ਕਰਨ ਵਾਲੇ ਪੰਜਾਬ ਦੇ ਦੋ ਆਈਪੀਐਸ ਅਧਿਕਾਰੀਆਂ ਵਿੱਚੋਂ ਇੱਕ ਹਨ।

