ਪੰਜਾਬ ਵਿੱਚ ਨਗਰ ਨਿਗਮ ਚੋਣਾਂ ਲਈ ਭਾਜਪਾ ਨੇ ਉਮੀਦਵਾਰਾਂ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ 29 ਨਵੰਬਰ ਨੂੰ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਤੋਂ ਫਾਰਮ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ 7 ਦਸੰਬਰ ਤੱਕ ਜ਼ਿਲ੍ਹਾ ਦਫ਼ਤਰ ਵਿੱਚ ਜਮ੍ਹਾਂ ਕਰਵਾਉਣੇ ਹੋਣਗੇ, ਜਿਸ ਤੋਂ ਬਾਅਦ ਪਾਰਟੀ ਜ਼ਿਲ੍ਹਾ ਅਤੇ ਫਿਰ ਸੂਬਾ ਪੱਧਰ ‘ਤੇ ਪੜਤਾਲ ਤੋਂ ਬਾਅਦ ਉਮੀਦਵਾਰਾਂ ਦਾ ਐਲਾਨ ਕਰੇਗੀ। ਇਹ ਜਾਣਕਾਰੀ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਤੇ ਜ਼ੋਨਲ ਇੰਚਾਰਜ ਪਰਮਿੰਦਰ ਸਿੰਘ ਬਰਾੜ ਨੇ ਲੁਧਿਆਣਾ ਭਾਜਪਾ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਇਸ ਮੌਕੇ ਬਰਾੜ ਨੇ ਕਿਹਾ ਕਿ ਅੱਜ ਸੰਵਿਧਾਨ ਦਿਵਸ ਹੈ, ਪਰ ਸੂਬਾ ਸਰਕਾਰ ਨਗਰ ਨਿਗਮ ਚੋਣਾਂ ਦੇਰੀ ਨਾਲ ਕਰਵਾ ਕੇ ਸੰਵਿਧਾਨ ਦਾ ਅਪਮਾਨ ਕਰ ਰਹੀ ਹੈ ਕਿਉਂਕਿ ਲੋਕਤੰਤਰ ਦੀ ਸ਼ੁਰੂਆਤ ਨਗਰ ਨਿਗਮ ਤੋਂ ਹੁੰਦੀ ਹੈ। ਉਨ੍ਹਾਂ ਸੱਤਾਧਾਰੀ ਆਮ ਆਦਮੀ ਪਾਰਟੀ ’ਤੇ ਦੋਸ਼ ਲਾਇਆ ਕਿ ਉਹ ਉਨ੍ਹਾਂ ਦੇ ਆਗੂਆਂ ਨੂੰ ਧਮਕੀਆਂ ਦੇ ਕੇ ਪਾਰਟੀ ’ਚ ਸ਼ਾਮਲ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਤਰ੍ਹਾਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਫਾਰਮ ਜ਼ਿਲ੍ਹਾ ਦਫ਼ਤਰ ਤੋਂ 29 ਨਵੰਬਰ ਤੱਕ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਇਹ ਫਾਰਮ 7 ਦਸੰਬਰ ਤੱਕ ਜਮ੍ਹਾਂ ਕਰਵਾਉਣੇ ਹੋਣਗੇ।ਇਸ ਤੋਂ ਬਾਅਦ ਛਾਂਟੀ ਕੀਤੀ ਜਾਵੇਗੀ | ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਫਾਰਮ ਭਰਨ ਲਈ ਜਨਰਲ ਕੈਟਾਗਰੀ ਦੇ ਉਮੀਦਵਾਰਾਂ ਨੂੰ 5000 ਰੁਪਏ ਅਤੇ SC ਅਤੇ OBC ਨੂੰ 3000 ਰੁਪਏ ਜਮ੍ਹਾ ਕਰਵਾਉਣੇ ਪੈਣਗੇ। ਇਸ ਦੌਰਾਨ ਉਨ੍ਹਾਂ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ‘ਤੇ ਵੀ ਨਿਸ਼ਾਨਾ ਸਾਧਿਆ। ਉਨਾਂ ਨੇ ਨਗਰ ਨਿਗਮ ਚੋਣਾਂ ਬਹੁਮਤ ਨਾਲ ਜਿੱਤਣ ਦਾ ਦਾਅਵਾ ਕੀਤਾ।

