ਸਦਨ ਵਿੱਚ ਤਿੰਨ ਮਨੀ ਬਿੱਲਾਂ ਸਮੇਤ ਕੁੱਲ ਚਾਰ ਬਿੱਲ ਪਾਸ ਕੀਤੇ ਗਏ। ਇਨ੍ਹਾਂ ਵਿੱਚ ਟਰਾਂਸਫਰ ਆਫ ਪ੍ਰਾਪਰਟੀ ਸੋਧ ਬਿੱਲ 2023, ਰਜਿਸਟ੍ਰੇਸ਼ਨ ਸੋਧ ਬਿੱਲ 2023, ਪੰਜਾਬ ਕੈਨਾਲ ਐਂਡ ਡਰੇਨੇਜ ਬਿੱਲ 2023 ਅਤੇ ਭਾਰਤੀ ਸਟੈਂਪ ਬਿੱਲ 2023 ਸ਼ਾਮਲ ਹਨ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਗੰਭੀਰ ਹੈ ਅਤੇ ਨਸ਼ਿਆਂ 'ਤੇ ਵੀ ਵਿਸਥਾਰ ਨਾਲ ਚਰਚਾ ਹੋਣੀ ਚਾਹੀਦੀ ਹੈ। ਇਜਲਾਸ ਸਿਰਫ਼ ਦੋ ਦਿਨ ਲਈ ਸੱਦਣਾ ਠੀਕ ਨਹੀਂ ਹੈ। ਅਜਿਹੀ ਸਥਿਤੀ ਵਿੱਚ ਪੰਜਾਬ ਦੇ ਮੁੱਦੇ ਸਹੀ ਢੰਗ ਨਾਲ ਨਹੀਂ ਉਠਾਏ ਜਾ ਸਕਦੇ। ਇਸ ਤੋਂ ਬਾਅਦ ਉਹ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਦਨ ਤੋਂ ਵਾਕਆਊਟ ਕਰ ਗਏ।
ਜ਼ੀਰੋ ਆਵਰ 'ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਦਨ 'ਚ ਸਵਾਲ ਪੁੱਛ ਕੇ ਤਿੰਨ ਮਿੰਟ ਵਾਧੂ ਦੇਣ ਦਾ ਐਲਾਨ ਕੀਤਾ। ਉਨ੍ਹਾਂ ਦਾ ਸਵਾਲ ਸੀ ਕਿ ਸਰਦਾਰ ਨਰਿੰਦਰ ਸਿੰਘ ਕਪਾਨੀ ਕੌਣ ਹੈ? ਜਿਸ 'ਤੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਜਵਾਬ ਦਿੱਤਾ ਕਿ ਉਹ ਉਨ੍ਹਾਂ ਦੇ ਹਲਕੇ ਮੋਗਾ ਤੋਂ ਹਨ ਅਤੇ ਉਹ ਫਾਈਬਰ ਆਪਟਿਕਸ 'ਤੇ ਕੰਮ ਕਰਦੇ ਹਨ। ਜਿਸ ਤੋਂ ਬਾਅਦ ਹਾਊਸ ਵੱਲੋਂ ਉਨ੍ਹਾਂ ਨੂੰ ਤਿੰਨ ਮਿੰਟ ਵਾਧੂ ਦਿੱਤੇ ਗਏ।

