ਲੁਧਿਆਨਾ ਨਾਜਾਇਜ਼ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਨੂੰ ਜਾਰੀ ਰੱਖਦੇ ਹੋਏ ਨਗਰ ਨਿਗਮ ਨੇ ਵੀਰਵਾਰ ਨੂੰ ਜ਼ੋਨ ਸੀ ਅਤੇ ਡੀ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ਵਿੱਚ 18 ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਕੀਤੀ।
ਇਨ੍ਹਾਂ ਵਿੱਚ 11 ਉਦਯੋਗਿਕ ਯੂਨਿਟ ਸ਼ਾਮਲ ਹਨ ਜੋ ਜੱਸੀਆਂ ਰੋਡ ’ਤੇ ਰਜੌਰੀ ਗਾਰਡਨ ਇਲਾਕੇ ਵਿੱਚ ਨਾਜਾਇਜ਼ ਤੌਰ ’ਤੇ ਚੱਲ ਰਹੇ ਸਨ। ਇਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਨਗਰ ਨਿਗਮ ਜ਼ੋਨ ਡੀ ਦੇ ਅਧਿਕਾਰੀਆਂ ਨੇ ਸੀਲ ਕਰ ਦਿੱਤਾ ਹੈ।
ਜ਼ੋਨ ਸੀ ਅਧੀਨ ਆਉਂਦੇ ਇਲਾਕਿਆਂ ਵਿੱਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕੀਤੀ ਕਾਰਵਾਈ ਬਾਰੇ ਬੋਲਦਿਆਂ ਸਹਾਇਕ ਟਾਊਨ ਪਲਾਨਰ (ਏ.ਟੀ.ਪੀ.) ਹਰਵਿੰਦਰ ਸਿੰਘ ਹਨੀ ਅਤੇ ਬਿਲਡਿੰਗ ਇੰਸਪੈਕਟਰ ਪਾਲਪਰਨੀਤ ਸਿੰਘ ਨੇ ਦੱਸਿਆ ਕਿ ਛੇ ਨਾਜਾਇਜ਼ ਇਮਾਰਤਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।
ਜਸਪਾਲ ਬਾਂਗਰ ਰੋਡ ਅਤੇ ਲੋਹਾਰਾ ਰੋਡ 'ਤੇ ਦੋ ਵਪਾਰਕ ਇਮਾਰਤਾਂ ਨੂੰ ਢਾਹ ਦਿੱਤਾ ਗਿਆ, ਜਦੋਂ ਕਿ ਰੁਦਰਾ ਐਨਕਲੇਵ ਇਲਾਕੇ ਵਿਚ ਇਕ ਉਦਯੋਗਿਕ ਉਸਾਰੀ ਨੂੰ ਵੀ ਢਾਹ ਦਿੱਤਾ ਗਿਆ।
ਰੁਦਰਾ ਐਨਕਲੇਵ ਵਿੱਚ ਇੱਕ ਸਨਅਤੀ ਇਮਾਰਤ ਨੂੰ ਸੀਲ ਕੀਤਾ ਗਿਆ ਅਤੇ ਈਸਟਮੈਨ ਚੌਕ ਤੋਂ ਲੋਹਾਰਾ ਰੋਡ ਨੂੰ ਜਾਣ ਵਾਲੀ ਸੜਕ ’ਤੇ ਇੱਕ ਵਪਾਰਕ ਇਮਾਰਤ ਨੂੰ ਵੀ ਸੀਲ ਕੀਤਾ ਗਿਆ। ਨਗਰ ਨਿਗਮ ਦੀਆਂ ਟੀਮਾਂ ਨੇ ਸਟਾਰ ਰੋਡ ’ਤੇ ਇੱਕ ਕਾਲੋਨਾਈਜ਼ਰ ਵੱਲੋਂ ਕੀਤੀ ਜਾ ਰਹੀ ਨਾਜਾਇਜ਼ ਪਲਾਟਿੰਗ ਨੂੰ ਵੀ ਢਾਹ ਦਿੱਤਾ।
ਰਜੌਰੀ ਗਾਰਡਨ ਇਲਾਕੇ ਵਿੱਚ ਸੀਲ ਕੀਤੀਆਂ ਫੈਕਟਰੀਆਂ ਦੇ ਸੰਦਰਭ ਵਿੱਚ ਬੋਲਦਿਆਂ ਸਹਾਇਕ ਟਾਊਨ ਪਲਾਨਰ (ਏ.ਟੀ.ਪੀ.) ਜ਼ੋਨ ਡੀ ਨੇ ਕਿਹਾ ਕਿ ਰਿਹਾਇਸ਼ੀ ਇਲਾਕੇ ਵਿੱਚ ਚੱਲ ਰਹੀਆਂ ਫੈਕਟਰੀਆਂ ਵਿਰੁੱਧ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਕੰਮ ਕਰਦੇ ਹੋਏ ਨਗਰ ਨਿਗਮ ਨੇ ਵੀਰਵਾਰ ਨੂੰ ਫੈਕਟਰੀਆਂ ਨੂੰ ਸੀਲ ਕਰ ਦਿੱਤਾ ਹੈ।
ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਾਜਾਇਜ਼ ਉਸਾਰੀਆਂ ਨਾ ਕਰਨ ਅਤੇ ਨਗਰ ਨਿਗਮ ਵੱਲੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾ ਕੇ ਹੀ ਇਮਾਰਤਾਂ ਦੀ ਉਸਾਰੀ ਕਰਨ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਿਲਡਿੰਗ ਬਾਈਲਾਜ਼ ਅਨੁਸਾਰ ਹੀ ਬਿਲਡਿੰਗ ਦੀ ਉਸਾਰੀ ਕਰਨ, ਨਹੀਂ ਤਾਂ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
