ਲੁਧਿਆਣਾ ਨਗਰ ਨਿਗਮ ਨੇ ਨਜਾਇਜ਼ ਬਣੇ ਕੁਆਟਰਾਂ ਤੇ ਕੀਤੀ ਕਾਰਵਾਈ
ਲੁਧਿਆਣਾ ਨਗਰ ਨਿਗਮ ਨੇ ਪਰਮਜੀਤ ਨਗਰ ਅਤੇ ਸੁਖਦੇਵ ਨਗਰ ਵਿੱਚ ਤਿੰਨ ਗੈਰ-ਕਾਨੂੰਨੀ ਲੇਬਰ ਕੁਆਰਟਰਾਂ ਨੂੰ ਢਾਹਿਆ ਅਤੇ ਦੋ ਕੀਤੇ ਸੀਲ*
ਲੁਧਿਆਣਾ, 7 ਅਕਤੂਬਰ
ਲੇਬਰ ਕੁਆਰਟਰਾਂ ਦੀ ਨਾਜਾਇਜ਼ ਉਸਾਰੀ ਵਿਰੁੱਧ ਕਾਰਵਾਈ ਕਰਦਿਆਂ ਨਗਰ ਨਿਗਮ ਨੇ ਸ਼ਨੀਵਾਰ ਨੂੰ ਪਰਮਜੀਤ ਨਗਰ ਅਤੇ ਸੁਖਦੇਵ ਨਗਰ ਵਿੱਚ ਤਿੰਨ ਨਾਜਾਇਜ਼ ਲੇਬਰ ਕੁਆਰਟਰਾਂ ਨੂੰ ਢਾਹ ਦਿੱਤਾ ਅਤੇ ਦੋ ਨੂੰ ਸੀਲ ਕਰ ਦਿੱਤਾ। ਇਹ ਇਲਾਕੇ ਨਗਰ ਨਿਗਮ ਦੇ ਜ਼ੋਨ ਬੀ ਅਧੀਨ ਆਉਂਦੇ ਹਨ।
ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੇਬਰ ਕੁਆਰਟਰ ਬਿਲਡਿੰਗ ਨਿਯਮਾਂ ਦੀ ਉਲੰਘਣਾ ਕਰਕੇ ਬਣਾਏ ਜਾ ਰਹੇ ਸਨ ਅਤੇ ਮਾਲਕਾਂ ਨੇ ਹਾਊਸਲਾਈਨ ਏਰੀਏ ਨੂੰ ਵੀ ਕਵਰ ਕਰ ਲਿਆ ਸੀ।
ਨਗਰ ਨਿਗਮ ਦੀਆਂ ਟੀਮਾਂ ਨੂੰ ਰੁਟੀਨ ਨਿਰੀਖਣ ਦੌਰਾਨ ਉਲੰਘਣਾਵਾਂ ਦਾ ਪਤਾ ਲੱਗਿਆ ਅਤੇ ਲੇਬਰ ਕੁਆਰਟਰਾਂ ਦੇ ਨਾਜਾਇਜ਼ ਹਿੱਸਿਆਂ ਨੂੰ ਢਾਹ ਦਿੱਤਾ ਗਿਆ ਹੈ। ਜੇਕਰ ਮਾਲਕਾਂ ਨੇ ਆਉਣ ਵਾਲੇ ਕੁਝ ਦਿਨਾਂ ਵਿੱਚ ਉਲੰਘਣਾਵਾਂ ਨੂੰ ਨਾ ਦੂਰ ਕੀਤੀ ਤਾਂ ਸ਼ਨੀਵਾਰ ਨੂੰ ਸੀਲ ਕੀਤੇ ਗਏ ਦੋ ਲੇਬਰ ਕੁਆਰਟਰਾਂ ਵਿਰੁੱਧ ਵੀ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਸਹਾਇਕ ਟਾਊਨ ਪਲਾਨਰ (ਏ.ਟੀ.ਪੀ.) ਹਰਵਿੰਦਰ ਸਿੰਘ ਹਨੀ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕੰਮ ਕਰਦੇ ਹੋਏ ਨਾਜਾਇਜ਼ ਉਸਾਰੀਆਂ ਵਿਰੁੱਧ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਸ਼ਨੀਵਾਰ ਨੂੰ ਪਰਮਜੀਤ ਨਗਰ ਅਤੇ ਸੁਖਦੇਵ ਨਗਰ ਵਿੱਚ ਉਸਾਰੇ ਜਾ ਰਹੇ ਪੰਜ ਨਾਜਾਇਜ਼ ਲੇਬਰ ਕੁਆਰਟਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਕੁਝ ਦਿਨ ਪਹਿਲਾਂ ਢੰਡਾਰੀ ਕਲਾਂ ਅਤੇ ਅੰਬੇਦਕਰ ਨਗਰ ਵਿੱਚ ਚਾਰ ਨਾਜਾਇਜ਼ ਕਲੋਨੀਆਂ ਅਤੇ ਵਪਾਰਕ ਇਮਾਰਤਾਂ ਨੂੰ ਵੀ ਢਾਹਿਆ ਗਿਆ ਸੀ।
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ। ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੂੰ ਗੈਰ-ਕਾਨੂੰਨੀ ਉਸਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸੰਦੀਪ ਰਿਸ਼ੀ ਨੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦਾ ਨਿਰਮਾਣ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾ ਲੈਣ ਅਤੇ ਬਿਲਡਿੰਗ ਬਾਈਲਾਜ਼ ਅਨੁਸਾਰ ਇਮਾਰਤਾਂ ਦੀ ਉਸਾਰੀ ਕਰਵਾਈ ਜਾਵੇ, ਨਹੀਂ ਤਾਂ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
