ਪੰਜਾਬ ਪੁਲਿਸ ਨੇ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਗ੍ਰਿਫਤਾਰ ਕਰ ਲਿਆ ਹੈ। ਬੰਟੀ ਰੋਮਾਣਾ ਨੂੰ ਮੋਹਾਲੀ ਪੁਲਿਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (AAP) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਇੱਕ ਮਨਘੜਤ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।
ਬੰਟੀ ਰੋਮਾਣਾ ਨੇ 25 ਅਕਤੂਬਰ ਨੂੰ ਸ਼ਾਮ 4.29 ਵਜੇ ਇੱਕ ਮਿੰਟ 27 ਸੈਕਿੰਡ ਦਾ ਇਹ ਵੀਡੀਓ ਟਵੀਟ ਕੀਤਾ। ਇਸ ਨੂੰ 24 ਘੰਟਿਆਂ 'ਚ 19 ਹਜ਼ਾਰ ਲੋਕਾਂ ਨੇ ਦੇਖਿਆ ਅਤੇ 263 ਲੋਕਾਂ ਨੇ ਪਸੰਦ ਕੀਤਾ। ਬੰਟੀ ਰੋਮਾਣਾ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਦੀ ਆਵਾਜ਼ ਸੀ ਅਤੇ ਗੀਤ ਦੇ ਬੋਲ ਸਨ- 'ਤੇਰੀ ਕੇਜਰੀਵਾਲ ਨਾਲ ਯਾਰੀ ਓਏ… ਤਾਈਓ ਮੱਤ ਗਈ ਹੈ ਮਾਰੀ ਓਏ।'
ਦੂਜੇ ਪਾਸੇ ਬੰਟੀ ਰੋਮਾਣਾ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲਦਿਆਂ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਈ ਆਗੂਆਂ ਸਮੇਤ ਮੁਹਾਲੀ SSP ਦਫ਼ਤਰ ਪੁੱਜੇ ਅਤੇ ਪੁਲਿਸ ਦੀ ਕਾਰਵਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਸੁਖਬੀਰ ਬਾਦਲ ਨੇ ਮੁਹਾਲੀ ਦੇ SP ਸਿਟੀ ਅਕਾਸ਼ਦੀਪ ਸਿੰਘ ਔਲਖ ਅਤੇ SP ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਦੇ ਸਾਹਮਣੇ ਪੁਲਿਸ ਦੇ ਰਵੱਈਏ 'ਤੇ ਇਤਰਾਜ਼ ਜਤਾਇਆ।
ਇਸ ਦੌਰਾਨ ਮੁਹਾਲੀ ਦੇ SP ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਨੇ ਸੁਖਬੀਰ ਬਾਦਲ ਨੂੰ ਮੁਹਾਲੀ ਦੇ SSP ਡਾਕਟਰ ਸੰਦੀਪ ਗਰਗ ਨਾਲ ਉਨ੍ਹਾਂ ਦੇ ਮੋਬਾਈਲ ਫੋਨ ਰਾਹੀਂ ਗੱਲਬਾਤ ਕਰਵਾਈ। ਸੁਖਬੀਰ ਨੇ ਬਿਨਾਂ ਜਾਂਚ ਦੇ ਰੋਮਾਣਾ ਨੂੰ ਗ੍ਰਿਫਤਾਰ ਕਰਨ 'ਤੇ SSP ਗਰਗ 'ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ।

