ਮਾਲੇਰਕੋਟਲਾ ਪੁਲਿਸ ਨੇ ਬੀਤੀ ਰਾਤ ਜ਼ਿਲ੍ਹੇ ਦੀਆਂ ਸੱਤ ਔਰਤਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਨ੍ਹਾਂ ਨੇ 2007 ਵਿੱਚ ਪੰਜਾਬ ਸਿੱਖਿਆ ਵਿਭਾਗ (ਐਲੀਮੈਂਟਰੀ) ਵਿੱਚ ‘ਟੀਚਿੰਗ ਫੈਲੋ’ ਵਜੋਂ ਜਾਅਲੀ ਤਜਰਬੇ ਅਤੇ ਪੇਂਡੂ ਖੇਤਰ ਦੇ ਸਰਟੀਫਿਕੇਟ ਬਣਾ ਕੇ ਨੌਕਰੀ ਹਾਸਲ ਕੀਤੀ ਸੀ। ਉਨ੍ਹਾਂ ਦੀਆਂ ਸੇਵਾਵਾਂ ਬਾਅਦ ਵਿੱਚ ਖਤਮ ਕਰ ਦਿੱਤੀਆਂ ਗਈਆਂ ਸਨ।
ਸਿੱਖਿਆ ਵਿਭਾਗ (ਐਲੀਮੈਂਟਰੀ) ਦੇ ਸੀਨੀਅਰ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਮਾਲੇਰਕੋਟਲਾ ਸਿਟੀ 1 ਦੀ ਪੁਲਿਸ ਨੇ ਸੱਤ ਔਰਤਾਂ ਖ਼ਿਲਾਫ਼ ਧਾਰਾ 420, 465, 467, 468, 471 ਤਹਿਤ ਕੇਸ ਦਰਜ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ 5 ਸਤੰਬਰ 2007 ਨੂੰ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ 9998 ਟੀਚਿੰਗ ਫੈਲੋਜ਼ ਦੀ ਭਰਤੀ ਸ਼ੁਰੂ ਕੀਤੀ ਗਈ ਸੀ। ਤਤਕਾਲੀ ਪੰਜਾਬ ਸਰਕਾਰ ਨੇ ਭਰਤੀ ਲਈ ਜ਼ਿਲ੍ਹਾ ਪੱਧਰ 'ਤੇ ਕਮੇਟੀਆਂ ਬਣਾਈਆਂ ਸਨ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਨੂੰ ਕਮੇਟੀਆਂ ਦਾ ਚੇਅਰਮੈਨ ਬਣਾਇਆ ਸੀ।

