ਪੰਜਾਬ ਸਰਕਾਰ ਨੇ ਸੂਬੇ ਦੇ ਸਮੂਹ ਲੋਕਾਂ ਨੂੰ 1 ਨਵੰਬਰ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਸਾਰੀਆਂ ਸਿਆਸੀ ਪਾਰਟੀਆਂ ਦਰਮਿਆਨ ਖੁੱਲ੍ਹੀ ਬਹਿਸ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਸੀਐਮ ਮਾਨ ਨੇ ਇਸ ਬਹਿਸ ਨੂੰ ‘ਮੈਂ ਪੰਜਾਬ ਬੋਲਦਾ ਹਾਂ’ ਦਾ ਨਾਂ ਦਿੱਤਾ ਹੈ।
ਇਸ ਬਹਿਸ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਨੂੰ ਬੁੱਕ ਕੀਤਾ ਗਿਆ ਹੈ। ਇਸ ਆਡੀਟੋਰੀਅਮ ਦੀ ਬੈਠਣ ਦੀ ਸਮਰੱਥਾ ਲਗਭਗ 1000 ਲੋਕਾਂ ਦੀ ਹੈ।
ਬਹਿਸ ਵਿੱਚ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਸੀਨੀਅਰ ਆਗੂਆਂ ਦੀ ਸ਼ਮੂਲੀਅਤ ਦੇ ਮੱਦੇਨਜ਼ਰ ਲੁਧਿਆਣਾ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੂਤਰਾਂ ਅਨੁਸਾਰ ਆਡੀਟੋਰੀਅਮ ਵਿੱਚ ਇੱਕ ਹਜ਼ਾਰ ਲੋਕ ਬੈਠ ਸਕਦੇ ਹਨ ਪਰ ਕਈ VVIP ਦੀ ਮੌਜੂਦਗੀ ਕਾਰਨ ਉੱਥੇ ਸਿਰਫ਼ 800 ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਦਾ ਕੋਈ ਹੋਰ ਵਿਧਾਇਕ ਇਸ ਬਹਿਸ ਵਿੱਚ ਹਿੱਸਾ ਨਹੀਂ ਲਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਟੇਜ 'ਤੇ ਕੋਈ ਬੈਨਰ ਜਾਂ ਸਲੋਗਨ ਨਾ ਲਗਾਇਆ ਜਾਵੇ।

