ਮੋਹਾਲੀ : ਚੰਡੀਗੜ੍ਹ ਸ਼ਹਿਰ 'ਚ ਖੇਤਰੀ ਫਿਲਮ ਸੈਂਸਰ ਬੋਰਡ ਦਾ ਦਫਤਰ ਵੀ ਖੋਲ੍ਹਿਆ ਜਾ ਰਿਹਾ ਹੈ। ਇਸ ਸਬੰਧੀ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਇੱਕ ਫਿਲਮ ਫੈਸਟੀਵਲ ਵਿੱਚ ਸ਼ਿਰਕਤ ਕਰਨ ਆਏ ਸਨ ਜਿੱਥੇ ਉਨ੍ਹਾਂ ਨੇ ਇਹ ਐਲਾਨ ਕੀਤਾ। ਇਸ ਸਬੰਧੀ ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ (ਪਾਫਟਾ) ਲੰਬੇ ਸਮੇਂ ਤੋਂ ਸਰਕਾਰ ਤੋਂ ਦਿੱਲੀ ਦੀ ਬਜਾਏ ਚੰਡੀਗੜ੍ਹ ਵਿੱਚ ਖੇਤਰੀ ਫਿਲਮਾਂ ਲਈ ਸੈਂਸਰ ਬੋਰਡ ਬਣਾਉਣ ਦੀ ਮੰਗ ਕਰ ਰਹੀ ਹੈ। ਇਸ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਆਮ ਤੌਰ 'ਤੇ ਖੇਤਰੀ ਫਿਲਮਾਂ ਨੂੰ ਸੈਂਸਰ ਬੋਰਡ ਸਰਟੀਫਿਕੇਟ ਦੇਣ ਲਈ ਨਿਯੁਕਤ ਕੀਤੇ ਗਏ ਮੈਂਬਰ ਮੁੰਬਈ ਦੇ ਹੀ ਹੁੰਦੇ ਹਨ ਅਤੇ ਉਨ੍ਹਾਂ ਨੂੰ ਖੇਤਰੀ ਭਾਸ਼ਾਵਾਂ ਦੇ ਸੱਭਿਆਚਾਰ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ। ਅਜਿਹੀ ਸਥਿਤੀ ਵਿੱਚ ਕਈ ਵਾਰ ਅਜਿਹੇ ਸੀਨ ਜੋ ਖੇਤਰੀ ਸੱਭਿਆਚਾਰ ਦਾ ਸਾਰ ਹੁੰਦੇ ਹਨ, ਨੂੰ ਕੱਟ ਦਿੱਤਾ ਜਾਂਦਾ ਹੈ ਅਤੇ ਕਈ ਅਜਿਹੇ ਸੀਨ ਜੋ ਕਿ ਗਲਤ ਕਿਸਮ ਦੇ ਹੁੰਦੇ ਹਨ, ਨੂੰ ਹੀ ਰਹਿਣ ਦਿੱਤਾ ਜਾਂਦਾ ਹੈ।

