ਪਟਿਆਲਾ: ਕਿਸਾਨਾਂ ਦੇ ਅੰਦੋਲਨ ਦਰਮਿਆਨ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ ਅਤੇ ਉਸ ਨੂੰ ਜਲਨ ਮਹਿਸੂਸ ਹੋ ਰਹੀ ਸੀ ਅਤੇ ਬੁਖਾਰ ਵੀ ਹੋ ਰਿਹਾ ਸੀ। ਫਿਲਹਾਲ ਡਾਕਟਰਾਂ ਵੱਲੋਂ ਉਨ੍ਹਾਂ ਦਾ ਚੈਕਅੱਪ ਲਗਾਤਾਰ ਜਾਰੀ ਹੈ। ਡੱਲੇਵਾਲ ਨੂੰ 99 ਬੁਖਾਰ ਪਾਇਆ ਗਿਆ ਹੈ ਅਤੇ ਉਨ੍ਹਾਂ ਦਾ ਬੀਪੀ ਵੀ ਠੀਕ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਕੇਂਦਰ ਨਾਲ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ ਪਰ ਕੇਂਦਰ ਵੱਲੋਂ ਕੋਈ ਸਕਾਰਾਤਮਕ ਰਵੱਈਆ ਨਾ ਹੋਣ ਕਾਰਨ ਕਿਸਾਨਾਂ ਨੇ ਸੰਘਰਸ਼ ਤੇਜ਼ ਕਰ ਦਿੱਤਾ ਹੈ। ਅੱਜ ਵੀ ਪੁਲੀਸ ਤੇ ਕਿਸਾਨਾਂ ਵਿਚਾਲੇ ਤਿੱਖੀ ਝੜਪ ਹੋਈ। ਅੱਜ ਇੱਕ 21 ਸਾਲਾ ਕਿਸਾਨ, ਜੋ ਕਿ ਬਠਿੰਡਾ ਦਾ ਰਹਿਣ ਵਾਲਾ ਸੀ, ਬਾਰੇ ਵੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ ਅਤੇ ਜਲ ਤੋਪਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

