ਪੰਜਾਬ : ਡਿਬਰੂਗੜ੍ਹ ਜੇਲ ਤੋਂ ਅੰਮ੍ਰਿਤਪਾਲ ਸਿੰਘ ਦੀ ਇਕ ਆਡੀਓ ਵਾਇਰਲ ਹੋਈ ਹੈ। ਪ੍ਰਾਪਤ ਖ਼ਬਰ ਅਨੁਸਾਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਇੱਕ ਆਡੀਓ ਵਾਇਰਲ ਹੋਈ ਹੈ, ਜਿਸ ਵਿੱਚ ਉਹ ਗੰਭੀਰ ਦੋਸ਼ ਲਗਾ ਰਿਹਾ ਹੈ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਇੱਕ ਸਾਲ ਤੋਂ ਸਾਨੂੰ ਸਜ਼ਾ ਮਿਲ ਰਹੀ ਹੈ, ਸਾਡੇ ਕਮਰੇ ਅਤੇ ਬਾਥਰੂਮ ਵਿੱਚ ਗੁਪਤ ਕੈਮਰੇ ਲੱਗੇ ਹੋਏ ਹਨ। ਇਹ ਕੈਮਰੇ ਬਲਬ ਹੋਲਡਰ ਵਿੱਚ ਲਗਾਏ ਗਏ ਹਨ।
ਇਸ ਸਬੰਧੀ ਉਸ ਨੇ ਡੀਐਮ ਨੂੰ ਫੋਨ ਕਰਕੇ ਆਪਣੀ ਸਾਰੀ ਗੱਲ ਦੱਸੀ ਹੈ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਮੋਬਾਈਲ ਫੋਨ ਦੀ ਬਰਾਮਦਗੀ ਦਾ ਝੂਠਾ ਕੇਸ ਦਰਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸਾਨੂੰ ਖਾਣੇ 'ਚ ਕੁਝ ਮਿਲਾ ਕੇ ਦੇਣਾ ਚਾਹੁੰਦੇ ਹਨ ਪਰ ਅਸੀਂ ਮੌਤ ਤੋਂ ਕਦੇ ਨਹੀਂ ਡਰਦੇ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਅਸੀਂ ਪਿਛਲੇ 4 ਦਿਨਾਂ ਤੋਂ ਜੇਲ੍ਹ ਵਿੱਚ ਖਾਣਾ-ਪਾਣੀ ਛੱਡ ਦਿੱਤਾ ਹੈ। ਦਰਅਸਲ, ਐਨਐਸਏ ਤਹਿਤ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।

