ਜੇਕਰ ਤੁਸੀਂ ਵੀ ਹੋ ਬਿਜਲੀ ਬੋਰਡ ਦੇ ਡਿਫਾਲਟਰ ਤਾਂ ਇਹ ਖਬਰ ਜ਼ਰੂਰ ਪੜ੍ਹੋ।
Friday, February 23, 2024
0
ਲੁਧਿਆਣਾ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਐੱਸ.ਈ ਅਨਿਲ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਵਰ ਕਾਮ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਟੀਮਾਂ ਨੇ 5 ਵੱਖ-ਵੱਖ ਡਿਵੀਜ਼ਨਾਂ ਅਗਰ ਨਗਰ, ਸਿਟੀ ਵੈਸਟ, ਮਾਡਲ ਟਾਊਨ, ਜਨਤਾ ਨਗਰ ਅਤੇ ਢੋਲੇਵਾਲ ਅਧੀਨ ਆਉਂਦੇ ਖੇਤਰਾਂ ਦੀ ਚੈਕਿੰਗ ਕੀਤੀ। ਸਾਹਨੇਵਾਲ ਰੋਡ ਆਦਿ ਖੇਤਰਾਂ ਵਿੱਚ 200 ਤੋਂ ਵੱਧ ਡਿਫਾਲਟਰਾਂ ਵਿਰੁੱਧ ਕਾਰਵਾਈ ਕਰਦਿਆਂ ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਈ. ਅਨਿਲ ਸ਼ਰਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਡਿਫਾਲਟਰਾਂ ਖਿਲਾਫ ਕੀਤੀ ਗਈ ਤੁਰੰਤ ਕਾਰਵਾਈ ਦੌਰਾਨ ਬਿਜਲੀ ਬੋਰਡ ਦੇ ਡਿਫਾਲਟਰਾਂ ਤੋਂ 1.40 ਕਰੋੜ ਰੁਪਏ ਦੇ ਬਕਾਇਆ ਬਿੱਲਾਂ ਦੀ ਵਸੂਲੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਭਾਗੀ ਮੁਲਾਜ਼ਮਾਂ ਵੱਲੋਂ ਅੱਜ ਦੀ ਕਾਰਵਾਈ ਦੌਰਾਨ 200 ਤੋਂ ਵੱਧ ਡਿਫਾਲਟਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਇੱਕ ਸਵਾਲ ਦੇ ਜਵਾਬ ਵਿੱਚ ਅਨਿਲ ਸ਼ਰਮਾ ਨੇ ਕਿਹਾ ਕਿ ਡਿਫਾਲਟਰਾਂ ਵੱਲੋਂ ਬਕਾਇਆ ਵਸੂਲੀ ਰਾਸ਼ੀ ਦਾ ਵਿਭਾਗੀ ਅੰਕੜਾ ਬਹੁਤ ਵੱਡਾ ਹੈ, ਜਿਸ ਦੀ ਵਸੂਲੀ ਲਈ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਡਿਫਾਲਟਰਾਂ ਖਿਲਾਫ ਮੁਹਿੰਮ ਵਿੱਢੀ ਗਈ ਹੈ। ਅਨਿਲ ਸ਼ਰਮਾ ਨੇ ਡਿਫਾਲਟਰਾਂ ਨੂੰ ਖੁੱਲ੍ਹੇਆਮ ਚਿਤਾਵਨੀ ਦਿੱਤੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਤੋਂ ਆਪਣੇ ਬਕਾਇਆ ਬਿੱਲ ਦੀ ਰਕਮ ਪਾਵਰਕਾਮ ਵਿਭਾਗ ਦੇ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਕਰਵਾਉਣ ਲਈ ਅੱਗੇ ਆਉਣ, ਨਹੀਂ ਤਾਂ ਵਿਭਾਗ ਵਲੋਂ ਸਾਰੇ ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਡਿਫਾਲਟਰ ਖਪਤਕਾਰਾਂ ਵਿਰੁੱਧ ਕਾਰਵਾਈ ਹੋਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਵਰਕਾਮ ਵਿਭਾਗ ਜਾਂ ਸਰਕਾਰ ਦੇ ਅਧਿਕਾਰੀ ਨਹੀਂ ਚਾਹੁੰਦੇ ਕਿ ਬਿਜਲੀ ਖਪਤਕਾਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਅਜਿਹੀ ਸਥਿਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਬਚਣ ਲਈ ਸਬੰਧਤ ਖਪਤਕਾਰ ਆਪਣੇ ਬਕਾਇਆ ਬਿਜਲੀ ਬਿੱਲਾਂ ਦਾ ਤੁਰੰਤ ਭੁਗਤਾਨ ਕਰਨ।
Share to other apps

