ਪੰਜਾਬ ਦੇ ਲੁਧਿਆਣਾ ਸ਼ਹਿਰ 'ਚ ਪੱਖੋਵਾਲ ਰੇਲਵੇ ਓਵਰਬ੍ਰਿਜ (ROB) 'ਤੇ 'ਡ੍ਰੀਮ ਆਫ ਆਸ਼ੂ' ਵਰਗੇ ਨਾਅਰੇ ਲਿਖੇ ਜਾਣ ਤੋਂ ਬਾਅਦ ਸ਼ਹਿਰ ਦੀ ਸਿਆਸਤ ਗਰਮਾ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਅਗਲੇ ਹੀ ਦਿਨ ਇਨ੍ਹਾਂ ਨਾਅਰਿਆਂ ਨੂੰ ਸਾਫ ਕਰਵਾ ਦਿੱਤਾ ਸੀ। ਇਸ ਸਬੰਧ ਵਿੱਚ ਹੁਣ ਪੁਲ ’ਤੇ ਪੁਲਿਸ ਮੁਲਾਜ਼ਮ ਵੀ ਤਾਇਨਾਤ ਕਰ ਦਿੱਤੇ ਗਏ ਹਨ। ਐਂਟਰੀ ਅਤੇ ਐਗਜ਼ਿਟ ਪੁਆਇੰਟਾਂ 'ਤੇ PCR ਦਸਤੇ ਤਾਇਨਾਤ ਕੀਤੇ ਗਏ ਹਨ।
ਪ੍ਰਸ਼ਾਸਨ ਨੂੰ ਇਹ ਵੀ ਡਰ ਹੈ ਕਿ ਵਿਰੋਧੀ ਸਿਆਸੀ ਪਾਰਟੀਆਂ ਦੇ ਲੋਕ ਇਸ ਦੇ ਉਦਘਾਟਨ ਤੋਂ ਪਹਿਲਾਂ ਹੀ ਪੁਲ ਨੂੰ ਚਾਲੂ ਕਰਵਾ ਸਕਦੇ ਹਨ। ਇਸ ਕਾਰਨ ਪੁਲ ਦੇ ਆਲੇ-ਦੁਆਲੇ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਪੁਲਿਸ ਆਸਪਾਸ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਚੈੱਕ ਕਰ ਰਹੀ ਹੈ, ਤਾਂ ਜੋ ਨਾਅਰੇ ਲਿਖਣ ਵਾਲੇ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ।
ਸਾਬਕਾ ਕੈਬਨਿਟ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਇਸ ਦੇ ਆਗੂਆਂ ਨੂੰ ਆੜੇ ਹੱਥੀਂ ਲਿਆ ਹੈ। ਆਸ਼ੂ ਨੇ ਸਵਾਲ ਕੀਤਾ ਕਿ ਸਰਕਾਰ ਅਤੇ ਇਸ ਦੇ ਨੇਤਾਵਾਂ ਨੂੰ ਕਿਸ ਗੱਲ ਦਾ ਡਰ ਹੈ ਕਿ ਪੁਲ 'ਤੇ ਇੰਨੀ ਸੁਰੱਖਿਆ ਲਗਾਈ ਗਈ ਹੈ? ਕੀ ਕੋਈ ਪੁਲ ਨੂੰ ਉਡਾਉਣ ਜਾ ਰਿਹਾ ਹੈ?
ਆਸ਼ੂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਆਰਓਬੀ ਪ੍ਰੋਜੈਕਟ ਪੂਰਾ ਹੋ ਗਿਆ ਹੈ। ਇਸ ਲਈ ਉਹ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਦਾ ਧੰਨਵਾਦ ਕਰਦੇ ਹਨ।
ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ 'ਤੇ ਨਿਸ਼ਾਨਾ ਸਾਧਦੇ ਹੋਏ ਆਸ਼ੂ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕਰਦੇ ਹਨ ਜੋ ਇਸ ਪੁਲ ਨੂੰ ਲੈ ਕੇ ਡਰਾਮਾ ਰਚ ਰਹੇ ਹਨ। ਕੀ ਸ਼ਹਿਰ ਦੇ ਲੋਕ ਜਾਣਦੇ ਹਨ ਕਿ ਅਸਲ ਵਿੱਚ ਇਹ ਪ੍ਰੋਜੈਕਟ ਕੌਣ ਲੈਕੇ ਆਇਆ ਹੈ? ਅਤੇ ਇਹ ਕੰਮ ਕਿਸਨੇ ਸ਼ੁਰੂ ਕੀਤਾ?

